ਤਫ਼ਸੀਰ (ਕੁਰਆਨ ਦੀ ਵਿਆਖਿਆ) ਦਾ ਭਾਗ

ਉੱਤਰ- ਸੂਰਤ ਫਾਤਿਹਾ ਅਤੇ ਇਸਦੀ ਤਫ਼ਸੀਰ:
🎧 "ਸ਼ੁਰੂ (ਕਰਦਾ ਹਾਂ) ਅੱਲਾਹ ਦੇ ਨਾਂ ਨਾਲ ਜਿਹੜਾ ਅਤਿਅੰਤ ਮਿਹਰਬਾਨ ਅਤੇ ਰਹਿਮ ਫ਼ਰਮਾਉਣ ਵਾਲਾ ਹੈ।" 🎧 "ਸਾਰੀਆਂ ਤਾਰੀਫ਼ਾਂ ਤੇ ਸ਼ੁਕਰਾਨੇ ਉਸ ਅੱਲਾਹ ਲਈ ਹਨ ਜਿਹੜਾ ਕੁੱਲ ਜਹਾਨਾਂ ਦਾ ਰੱਬ।" 🎧 "ਅਤਿਅੰਤ ਮਿਹਰਬਾਨ ਤੇ ਰਹਿਮ ਫ਼ਰਮਾਉਣ ਵਾਲਾ ਹੈ।" 🎧 "ਬਦਲੇ ਵਾਲੇ ਦਿਨ (ਕਿਆਮਤ) ਦਾ ਮਾਲਿਕ ਹੈ।" 🎧 "ਅਸੀਂ ਤੇਰੀ ਹੀ ਇਬਾਦਤ ਕਰਦੇ ਹਾਂ ਅਤੇ ਤੈਥੋਂ ਹੀ (ਹਰ ਪ੍ਰਕਾਰ ਦੀ) ਮਦਦ ਚਾਹੁੰਦੇ ਹਾਂ।" 🎧 "(ਹੇ ਅੱਲਾਹ!) ਸਾਨੂੰ ਸਿੱਧਾ ਰਾਹ ਵਿਖਾ।" 🎧 "ਉਹਨਾਂ ਲੋਕਾਂ ਦੀ ਰਾਹ ਜਿਨ੍ਹਾਂ ਨੂੰ ਤੁੰ ਇਨਾਮ ਬਖ਼ਸ਼ਿਆ, ਜਿਨ੍ਹਾਂ 'ਤੇ ਤੇਰਾ ਕਰੋਪ (ਅਜ਼ਾਬ) ਨਹੀਂ ਹੋਇਆ ਅਤੇ ਨਾ ਹੀ (ਸਿੱਧੀ ਰਾਹ ਤੋਂ) ਭਟਕੇ ਹੋਏ ਸੀ।" (ਸੂਰਤ ਅਲ-ਫ਼ਾਤਿਹਾ: 1-7)
ਤਫ਼ਸੀਰ:
ਇਹ ਸੂਰਤ ਅਲ-ਫਾਤਿਹਾ (ਆਰੰਭ ਕਰਨਾ) ਇਸ ਲਈ ਕਹਿਲਾਉਂਦੀ ਹੈ, ਕਿਉਂਕਿ ਇਸ ਦੁਆਰਾ ਕੁਰਆਨ ਦੀ ਸ਼ੁਰੂਆਤ ਹੁੰਦੀ ਹੈ।
1. {ਬਿਸਮਿੱਲਾਹ ਹਿੱਰ ਰਹਿਮਾਨ ਨਿੱਰ ਰਹੀਮ} ਮੈਂ ਅੱਲਾਹ ਦੇ ਨਾਂ ਨਾਲ, ਉਸਤੋਂ ਮਦਦ ਮੰਗਦੇ ਹੋਏ ਅਤੇ ਉਸਦੇ ਨਾਂ ਦੀ ਬਰਕਤ ਲੈਂਦੇ ਹੋਏ, ਇਸ ਕੁਰਆਨ ਨੂੰ ਪੜ੍ਹਨਾ ਸ਼ੁਰੂ ਕਰਦਾ ਹਾਂ।
- {ਅੱਲਾਹ} ਤੋਂ ਭਾਵ: ਸੱਚਾ ਮਾਬੂਦ/ਇਸ਼ਟ ਹੈ। ਉਸ ਤੋਂ ਇਲਾਵਾ ਹੋਰ ਕਿਸੇ ਨੂੰ ਅੱਲਾਹ ਨਹੀਂ ਕਿਹਾ ਜਾ ਸਕਦਾ।
- {ਅਰ-ਰਹਿਮਾਨ} ਤੋਂ ਭਾਵ: ਬੇਅੰਤ ਮਿਹਰ ਦਾ ਮਾਲਿਕ, ਜਿਸ ਦੀ ਮਿਹਰ ਦੇ ਘੇਰੇ ਵਿੱਚ ਹਰ ਚੀਜ਼ ਆਉਂਦੀ ਹੈ।
- {ਅਰ-ਰਹੀਮ}- ਤੋਂ ਭਾਵ: ਈਮਾਨ ਵਾਲਿਆਂ ਉੱਤੇ ਕਿਰਪਾ ਕਰਨ ਵਾਲਾ।
2. {ਅਲਹਮਦੁ ਲਿੱਲਾਹੀ ਰੱਬਿਲ ਆਲਮੀਨ} ਭਾਵ: ਹਰ ਪ੍ਰਕਾਰ ਦੀ ਪ੍ਰਸ਼ੰਸਾ ਅਤੇ ਸੰਪੂਰਨਤਾ ਕੇਵਲ ਅੱਲਾਹ ਲਈ ਹੀ ਹੈ।
3. {ਅੱਰ-ਰਾਹਮਾਨ ਨਿੱਰ ਰਹੀਮ} ਵੱਡੀਆਂ ਮਿਹਰਾਂ ਦਾ ਮਾਲਿਕ ਜੋ ਸਾਰੀਆਂ ਚੀਜ਼ਾਂ ਨੂੰ ਆਪਣੀ ਮਿਹਰਾਂ ਦੇ ਘੇਰੇ ਵਿੱਚ ਰੱਖਦਾ ਹੈ ਅਤੇ ਈਮਾਨ ਵਾਲਿਆਂ 'ਤੇ ਨਿਰੰਤਰ ਕਿਰਪਾ ਕਰਦਾ ਹੈ।
4. {ਮਾਲਿਕੀ ਯੌਮਿੱਦ-ਦੀਨ} ਬਦਲੇ ਦੇ ਦਿਨ ਭਾਵ ਕਿਆਮਤ ਦੇ ਦਿਨ ਦਾ ਮਾਲਿਕ ਹੈ।
5. {ਇਯਾਕਾ ਨਾਅਬੂਦੁ ਵਾ ਇਯਾਕਾ ਨਸਤਾਈਨ} ਅਸੀਂ ਕੇਵਲ ਤੇਰੀ ਹੀ ਉਪਾਸਨਾ (ਇਬਾਦਤ) ਕਰਦੇ ਹਾਂ ਅਤੇ ਕੇਵਲ ਤੈਥੋਂ ਹੀ ਮਦਦ ਮੰਗਦੇ ਹਾਂ।
6. {ਇਹਦੀ ਨੱਸਿਰਾਤਲ ਮੁਸਤਾਕੀਮ} ਸਾਡਾ ਇਸਲਾਮ ਅਤੇ ਸੁੰਨਤ ਵੱਲ ਮਾਰਗਦਰਸ਼ਨ ਕਰ।
7. {ਸਿਰਾਤਲ ਲਜ਼ੀਨਾ ਅਨ-ਅਮਤਾ ਅਲੈਹਿਮ ਗੈਰਿਲ ਮਗ਼ਜ਼ੂਬਿ ਅਲੈਹਿਮ ਵੱਲੱਜ਼-ਜ਼ਾਲੀਨ} ਭਾਵ: ਅੱਲਾਹ ਦੇ ਨੇਕ ਬੰਦਿਆਂ, ਨਬੀਆਂ ਤੇ ਉਨ੍ਹਾਂ ਦਾ ਅਨੁਸਰਣ ਕਰਨ ਵਾਲੇ ਸ਼ਰਧਾਲੂਆਂ ਦਾ ਮਾਰਗ। ਈਸਾਈਆਂ ਅਤੇ ਯਹੂਦੀਆਂ ਦਾ ਮਾਰਗ ਨਹੀਂ।
- ਇਸ ਸੂਰਤ ਨੂੰ ਪੜ੍ਹਨ ਤੋਂ ਬਾਅਦ "ਆਮੀਨ" (ਭਾਵ: ਹੇ ਅੱਲਾਹ ਇਸਨੂੰ ਕਬੂਲ ਕਰ) ਕਹਿਣਾ ਸੁੰਨਤ ਹੈ।

ਉੱਤਰ- ਸੂਰਤ ਜ਼ਿਲਜ਼ਾਲ ਅਤੇ ਇਸਦੀ ਤਫ਼ਸੀਰ:
🎧 ਸ਼ੁਰੂ (ਕਰਦਾ ਹਾਂ) ਅੱਲਾਹ ਦੇ ਨਾਂ ਨਾਲ ਜਿਹੜਾ ਅਤਿਅੰਤ ਮਿਹਰਬਾਨ ਅਤੇ ਰਹਿਮ ਫ਼ਰਮਾਉਣ ਵਾਲਾ ਹੈ।
🎧 "ਜਦੋਂ ਧਰਤੀ ਜ਼ੋਰ ਨਾਲ ਹਿਲਾ ਦਿੱਤੀ ਜਾਵੇਗੀ।" 🎧 "ਅਤੇ ਧਰਤੀ ਆਪਣਾ ਸਾਰਾ ਬੋਝ ਬਾਹਰ ਕੱਢ ਸੁੱਟੇਗੀ।" 🎧 "ਅਤੇ (ਉਸ ਸਮੇਂ) ਮਨੁੱਖ ਆਖੇਗਾ ਕਿ ਇਸ ਨੂੰ ਕੀ ਹੋ ਗਿਆ?" 🎧 "ਉਸ ਦਿਨ ਉਹ ਆਪਣੇ (ਆਪ 'ਤੇ ਬੀਤੇ ਹੋਏ) ਹਾਲਾਤ ਵਰਣਨ ਕਰੇਗੀ।" 🎧 "ਕਿਉਂ ਜੋ ਤੁਹਾਡਾ ਰੱਬ ਉਸ ਨੂੰ (ਇਹੋ) ਹੁਕਮ ਦੇਵੇਗਾ।" 🎧 "ਉਸ ਦਿਨ ਲੋਕੀ ਵੱਖਰੇ ਵੱਖਰੇ ਹੋ ਕੇ ਪਰਤਣਗੇ ਤਾਂ ਜੋ ਉਹਨਾਂ ਨੂੰ ਉਹਨਾਂ ਦੇ ਕਰਮ ਵਿਖਾਏ ਜਾਣ।" 🎧 "ਸੋ ਜਿਸ ਨੇ ਰਤਾ ਭਰ ਵੀ ਨੇਕੀ ਕੀਤੀ ਹੋਵੇਗੀ ਉਹ ਉਸ ਨੂੰ ਵੇਖ ਲਵੇਗਾ।" 🎧 "ਅਤੇ ਜਿਸ ਨੇ ਰਤਾ ਭਰ ਵੀ ਬੁਰਾਈ ਕੀਤੀ ਹੋਵੇਗੀ ਉਹ ਉਸ ਨੂੰ ਵੇਖ ਲਵੇਗਾ।" (ਸੂਰਤ ਅਜ਼-ਜ਼ਿਲਜ਼ਾਲ: 1-8)
ਤਫ਼ਸੀਰ:
1. {ਇਜ਼ਾ ਜ਼ੁਲਜ਼ਿਲਾਤਿਲ ਅਰਜ਼ੁ ਜ਼ਿਲਜ਼ਾਲਾਹਾ} ਜਦੋਂ ਕਿਆਮਤ ਦੇ ਦਿਨ ਧਰਤੀ ਨੂੰ ਜ਼ੋਰਦਾਰ ਹਿੰਸਕ ਤਰੀਕੇ ਨਾਲ ਹਿਲਾ ਦਿੱਤਾ ਜਾਵੇਗਾ।
2. {ਵਾ ਅਖਰਜਾਤਿਲ ਅਰਜ਼ੁ ਅਸਕਾਲਾਹਾ} ਅਤੇ ਜਦੋਂ ਧਰਤੀ ਆਪਣੇ ਅੰਦਰੋਂ ਮੁਰਦਿਆਂ ਨੂੰ ਅਤੇ ਹੋਰਨਾਂ ਚੀਜ਼ਾਂ ਨੂੰ ਕੱਢ ਕੇ ਬਾਹਰ ਸੁੱਟੇਗੀ।
3. {ਵਾ ਕਾਲਲ ਇਨਸਾਨੁ ਮਾਲਾਹਾ} ਅਤੇ ਇਨਸਾਨ ਹੈਰਾਨੀ ਵਿੱਚ ਕਹੇਗਾ ਕਿ: ਇਸ ਧਰਤੀ ਨੂੰ ਕੀ ਹੋ ਗਿਆ ਹੈ ਕਿ ਇਹ ਜ਼ੋਰ-ਜ਼ੋਰ ਨਾਲ ਹਿੱਲ ਰਹੀ ਹੈ?
4. {ਯੌਮਾਇਜ਼ਿਨ ਤੁਹੱਦਿਸੁ ਅਖਬਾਰਾਹਾ} ਉਸ ਮਹਾਨ ਦਿਨ ਧਰਤੀ ਦੱਸ ਦੇਵੇਗੀ ਕਿ ਉਸ 'ਤੇ ਕਿਹੜੇ ਚੰਗੇ ਅਤੇ ਮਾੜੇ ਕੰਮ ਕੀਤਾ ਗਏ ਸੀ।
5. {ਬਿਅੱਨਾ ਰੱਬਾਕਾ ਔ ਹਾਲਾਹਾ} ਕਿਉਂਕਿ ਅੱਲਾਹ ਉਸ ਨੂੰ ਇਹ ਗੱਲਾਂ ਦੱਸੇਗਾ ਅਤੇ ਇਨ੍ਹਾਂ ਨੂੰ ਦੱਸਣ ਦਾ ਹੁਕਮ ਦੇਵੇਗਾ।
6. {ਯੌਮਾਇਜ਼ੀਂ-ਯਸਦੁਰੁੱਨ-ਨਾਸੁ ਅਸ਼ਤਾਤਲ ਲਿਯੁਰੌ ਆਮਾਲਾਹੁਮ} ਉਸ ਮਹਾਨ ਦਿਨ, ਜਦੋਂ ਧਰਤੀ ਜ਼ੋਰ-ਜ਼ੋਰ ਨਾਲ ਹਿਲਾਈ ਜਾਵੇਗੀ, ਲੋਕ ਹਿਸਾਬ-ਕਿਤਾਬ ਦੇ ਸਥਾਨ 'ਤੇ ਸਮੂਹਾਂ (ਗਿਰੋਹਾਂ) ਵਿੱਚ ਨਿੱਕਲਣਗੇ; ਤਾਂ ਜੋ ਉਹ ਦੁਨਿਆ ਵਿੱਚ ਕੀਤੇ ਆਪਣੇ ਕਰਮਾਂ ਨੂੰ ਦੇਖ ਸਕਣ।
7. {ਫ਼ਮੈਂਯ ਯਾਮਲ ਮਿਸਲਾਕਾ ਜ਼ੱਰਾਤਿਨ ਖ਼ੈਰੀਂਯ ਯਰਾਹ} ਸੋ ਜਿਸਨੇ ਵੀ ਇੱਕ ਰਾਈ ਦੇ ਦਾਣੇ ਬਰਾਬਰ ਵੀ ਕੋਈ ਨੇਕੀ ਕੀਤੀ ਹੋਵੇਗੀ; ਉਹ ਉਸਨੂੰ ਆਪਣੇ ਸਾਹਮਣੇ ਵੇਖ ਲਵੇਗਾ।
8. {ਵਾ ਮੈਂਯ ਯਾਮਲ ਮਿਸਕਾਲਾ ਜ਼ੱਰਾਤਿਨ ਸ਼ੱਰੈਂਯ ਯਰਾਹ} ਅਤੇ ਜਿਸਨੇ ਇੰਨਾ ਕੁ ਹੀ ਮਾੜਾ ਕੰਮ ਕੀਤਾ ਹੋਵੇਗਾ; ਉਹ ਵੀ ਉਸਨੂੰ ਆਪਣੇ ਸਾਹਮਣੇ ਵੇਖ ਲਵੇਗਾ।

ਉੱਤਰ- ਸੂਰਤ ਅਲ-ਆਦੀਯਾਤ ਅਤੇ ਇਸਦੀ ਤਫ਼ਸੀਰ:
🎧 ਸ਼ੁਰੂ (ਕਰਦਾ ਹਾਂ) ਅੱਲਾਹ ਦੇ ਨਾਂ ਨਾਲ ਜਿਹੜਾ ਅਤਿਅੰਤ ਮਿਹਰਬਾਨ ਅਤੇ ਰਹਿਮ ਫ਼ਰਮਾਉਣ ਵਾਲਾ ਹੈ।
🎧 "ਤੇਜ਼ ਭਜ ਕੇ ਸਾਂਹ ਚੜ੍ਹਾਉਂਦੇ ਹੋਏ ਘੋੜ੍ਹਿਆਂ ਦੀ ਸਹੁੰ। 🎧 "ਫੇਰ ਟਾਪਾਂ ਮਾਰ ਕੇ ਚੰਗਿਆੜੀਆਂ ਕੱਢਣ ਵਾਲਿਆਂ ਦੀ ਸਹੁੰ।" 🎧 "ਫੇਰ ਸਵੇਰੇ ਦੇ ਸਮੇਂ ਹਮਲਾ ਕਰਨ ਵਾਲਿਆਂ ਦੀ ਸਹੁੰ।" 🎧 "ਫੇਰ ਉਸ ਸਮੇਂ ਜਦੋਂ ਉਹ ਧੂਲ ਉੜਾਉਂਦੇ ਹਨ।" 🎧 "ਫੇਰ ਉਸ ਸਮੇਂ ਜਦੋਂ ਉਹ ਵੈਰੀ ਧਿਰ ਦੇ ਵਿਚਾਲੇ ਘੁੱਸ ਜਾਂਦੇ ਹਨ।" 🎧 "ਬੇਸ਼ੱਕ ਮਨੁੱਖ ਆਪਣੇ ਪਾਲਣਹਾਰ ਦਾ ਨਾ-ਸ਼ੁਕਰਾ ਹੈ।" 🎧 "ਅਤੇ ਇਸ ਗੱਲ ਲਈ (ਉਹ ਆਪ ਵੀ) ਗਵਾਹੀ ਦਿੰਦਾ ਹੈ।" 🎧 "ਅਤੇ ਬੇਸ਼ੱਕ ਉਹ ਮਾਲ ਦੇ ਮੋਹ ਵਿੱਚ ਬੁਰੀ ਤਰ੍ਹਾਂ ਫਸਿਆ ਹੋਇਆ ਹੈ।" 🎧 "ਕੀ ਉਹ ਨਹੀਂ ਜਾਣਦਾ ਜਦੋਂ ਉਹ ਸਭ ਬਾਹਰ ਕੱਢਿਆ ਜਾਵੇਗਾ ਜੋ ਕੁੱਝ ਕਬਰਾਂ ਵਿੱਚ ਹੈ।" 🎧 "ਅਤੇ ਉਹ ਸਭ ਸਪਸ਼ਟ ਕਰ ਦਿੱਤਾ ਜਾਵੇਗਾ ਜੋ ਕੁੱਝ ਦਿਲਾਂ ਵਿੱਚ ਹੈ।" 🎧 "ਬੇਸ਼ੱਕ ਉਹਨਾਂ (ਮਨੁੱਖਾਂ) ਦਾ ਰੱਬ ਉਸ (ਕਿਆਮਤ) ਦਿਹਾੜੇ ਉਹਨਾਂ ਦੇ (ਹਾਲਾਂ) ਤੋਂ ਭਲੀ-ਭਾਤ ਜਾਣੂ ਹੋਵੇਗਾ।" (ਸੂਰਤ ਅਲ-ਆਦੀਯਾਤ: 1-11)
ਤਫ਼ਸੀਰ:
1. {ਵਲ ਆਦੀਯਾਤੀ ਜ਼ਬਹਾ} ਅੱਲਾਹ ਨੇ ਉਨ੍ਹਾਂ ਘੋੜਿਆਂ ਦੀ ਸੁੰਹ ਖਾਧੀ ਹੈ, ਜੋ ਦੌੜਦੇ ਹਨ ਅਤੇ ਉਨ੍ਹਾਂ ਦੇ ਦੌੜਨ ਦੀ ਤੀਬਰਤਾ ਕਾਰਨ ਉਨ੍ਹਾਂ ਦੇ ਸਾਹਾਂ ਦੀ ਆਵਾਜ਼ ਸੁਣਾਈ ਦਿੰਦੀ ਹੈ।
2. {ਫ਼ਲ ਮੁਰੀਯਾਤੀ ਕਦਹਾ} ਅਤੇ ਉਨ੍ਹਾਂ ਘੋੜਿਆਂ ਦੀ ਸੁੰਹ ਖਾਧੀ ਹੈ, ਜਿਨ੍ਹਾਂ ਦੀਆਂ ਖੁਰਾਂ ਜਦੋਂ ਚੱਟਾਨਾਂ 'ਤੇ ਟਾਪ ਮਾਰਦੀਆਂ ਹਨ, ਤਾਂ ਅੱਗ ਕੱਢਣ ਲਗ ਜਾਂਦੀਆਂ ਹਨ।
3. {ਫ਼ਲ ਮੁਗ਼ੀਰਾਤੀ ਸੁਬਹਾ} ਅਤੇ ਉਨ੍ਹਾਂ ਘੋੜਿਆਂ ਦੀ ਸੁੰਹ ਖਾਧੀ ਹੈ, ਜੋ ਸਵੇਰੇ ਦੁਸ਼ਮਣਾਂ 'ਤੇ ਹਮਲਾ ਕਰਦੇ ਹਨ।
{ਫ਼ਾ ਅਸਰਨਾ ਬਿਹੀ ਨਕਆ} ਅਤੇ ਉਹ ਆਪਣੀ ਦੌੜ ਨਾਲ ਧੂੜ ਉਡਾਉਂਦੇ ਹਨ।
5. {ਫ਼ਵਾਸਤਨਾ ਬਿਹੀ ਜਮਆ} ਅਤੇ ਆਪਣੇ ਘੋੜਸਵਾਰਾਂ ਸਮੇਤ ਦੁਸ਼ਮਣਾਂ ਦੇ ਜੱਥਿਆਂ ਵਿੱਚ ਘੁੱਸ ਜਾਂਦੇ ਹਨ।
6. {ਇੱਨਲ ਇਨਸਾਨਾ ਲਿਰੱਬੀਹੀ ਲਾਕਨੂਦ} ਅਸਲ ਵਿੱਚ ਮਨੁੱਖ ਉਸ ਭਲਾਈ ਨੂੰ ਬਹੁਤ ਰੋਕਦਾ ਹੈ ਜੋ ਉਸ ਦਾ ਰੱਬ ਉਸ ਤੋਂ ਚਾਹੁੰਦਾ ਹੈ।
{ਵਾ ਇੱਨਾਹੁ ਅਲਾ ਜ਼ਾਲਿਕਾ ਲਾ ਸ਼ਹੀਦ} ਅਤੇ ਉਹ ਆਪ ਹੀ ਉਸ ਭਲਾਈ ਨੂੰ ਰੋਕਣ ਦਾ ਗਵਾਹ ਵੀ ਹੈ। ਕਿਉਂਕਿ ਇਹ ਇੰਨੀ ਸਪਸ਼ਟ ਗੱਲ ਹੈ ਕਿ ਉਹ ਇਸਦਾ ਇਨਕਾਰ ਨਹੀਂ ਕਰ ਸਕਦਾ।
8. {ਵਾ ਇੱਨਾਹੁ ਲਿਹੁੱਬਿਲ ਖ਼ੈਰੀ ਲਾ ਸ਼ਦੀਦ} ਕਿਉਂਕਿ ਉਹ ਧਨ ਦੇ ਮੋਹ ਅਤੇ ਲਾਲਚ ਦੇ ਕਾਰਨ ਉਸ ਨੂੰ ਖਰਚ ਕਰਨ ਵਿੱਚ ਕੰਜੂਸੀ ਕਰਦਾ ਹੈ।
9. {ਅਫ਼ਾਲਾ ਯਾਅਲਮੁ ਇਜ਼ਾ ਬੁ'ਸਿਰਾ ਮਾ ਫਿਲ ਕੁਬੁਰ} ਕੀ ਜਦੋਂ ਅੱਲਾਹ ਮੁਰਦਿਆਂ ਨੂੰ ਕਬਰਾਂ ਵਿੱਚੋਂ ਜੀਵਿਤ ਕਰੇਗਾ ਅਤੇ ਉਨ੍ਹਾਂ ਨੂੰ ਹਿਸਾਬ-ਕਿਤਾਬ ਅਤੇ ਬਦਲੇ ਲਈ ਧਰਤੀ ਤੋਂ ਬਾਹਰ ਕੱਢੇਗਾ, ਤਾਂ ਇਸ ਸੰਸਾਰਿਕ ਜੀਵਨ ਦੇ ਧੋਖੇ ਵਿੱਚ ਫਸਿਆ ਹੋਇਆ ਇਨਸਾਨ ਇਹ ਨਹੀਂ ਜਾਣ ਲਵੇਗਾ ਕਿ ਮਾਮਲਾ ਉਹੋ ਜਿਹਾ ਨਹੀਂ ਹੈ ਜਿਹੋ ਜਿਹਾ ਉਸ ਨੇ ਸੋਚਿਆ ਸੀ?!
10. {ਵਾ ਹੱਸਿਲਾ ਮਾ ਫਿੱਸ-ਸੁਦੁਰ} ਅਤੇ ਦਿਲਾਂ ਵਿੱਚ ਜੋ ਕੁੱਝ ਵੀ ਨੀਅਤਾਂ ਅਤੇ ਵਿਸ਼ਵਾਸ ਆਦਿ ਹੋਣਗੇ ਉਹ ਸਾਹਮਣੇ ਉਜਾਗਰ ਕਰ ਦਿੱਤੇ ਜਾਣਗੇ।
11. {ਇੱਨਾ ਰੱਬਾਹੁਮ ਬਿਹਿਮ ਯੌਮਾਇਜ਼ਿੱਲ-ਲਾਖਬੀਰ} ਬੇਸ਼ੱਕ! ਉਨ੍ਹਾਂ ਦਾ ਰੱਬ ਉਸ ਦਿਨ ਉਨ੍ਹਾਂ ਦੀ ਪੂਰੀ ਖਬਰ ਰੱਖਣ ਵਾਲਾ ਹੈ, ਉਸ ਕੋਲੋਂ ਉਸਦੇ ਬੰਦਿਆਂ ਦੀ ਕੋਈ ਵੀ ਗੱਲ ਲੁਕੀ ਨਹੀਂ ਹੈ ਅਤੇ ਉਹ ਉਨ੍ਹਾਂ ਨੂੰ ਉਸਦਾ ਪੂਰਾ ਬਦਲਾ ਦੇਵੇਗਾ।

ਉੱਤਰ- ਸੂਰਤ ਅਲ-ਕਾਰਿਆ ਅਤੇ ਇਸਦੀ ਤਫ਼ਸੀਰ:
🎧 ਸ਼ੁਰੂ (ਕਰਦਾ ਹਾਂ) ਅੱਲਾਹ ਦੇ ਨਾਂ ਨਾਲ ਜਿਹੜਾ ਅਤਿਅੰਤ ਮਿਹਰਬਾਨ ਅਤੇ ਰਹਿਮ ਫ਼ਰਮਾਉਣ ਵਾਲਾ ਹੈ।
🎧 "ਖੜਖੜਾ ਦੇਣ ਵਾਲੀ (ਆਫ਼ਤ ਜ਼ਰੂਰ ਆਵੇਗੀ)।" 🎧 "ਭਲਾ ਕੀ ਹੈ ਉਹ ਖੜਖੜਾ ਦੇਣ ਵਾਲੀ (ਘਟਨਾ)?" 🎧 "ਅਤੇ ਤੁਸੀਂ ਕੀ ਜਾਣੋਂ ਕਿ ਉਹ ਖੜਖੜਾ ਦੇਣ ਵਾਲੀ ਆਫ਼ਤ ਕੀ ਹੈ?" 🎧 "(ਇਹ ਉਹ ਦਿਨ ਹੈ) ਜਦੋਂ ਲੋਕੀ (ਐਵੇਂ) ਹੋ ਜਾਣਗੇ ਜਿਵੇਂ ਖਿਲਰੇ ਹੋਏ ਭਮੱਕੜ।" 🎧 "ਅਤੇ ਪਹਾੜ ਪਿੰਜੀ ਹੋਈ ਰੰਗ-ਬਰੰਗੀ ਉੱਨ ਵਾਂਗ ਹੋ ਜਾਣਗੇ।" 🎧 "ਅਤੇ ਫੇਰ (ਉਸ ਦਿਨ) ਜਿਸ ਵਿਅਕਤੀ ਦਾ ਪਲੜਾ (ਨੇਕ ਅਮਲਾਂ ਨਾਲ) ਭਾਰੀ ਹੋਵੇਗਾ।" 🎧 "ਉਹ (ਸਵਰਗ ਵਿੱਚ) ਆਪਣੀ ਮਨ ਭਾਉਂਦੀ ਜ਼ਿੰਦਗੀ ਵਿੱਚ ਹੋਵੇਗਾ।" 🎧 "ਅਤੇ ਜਿਸ ਵਿਅਕਤੀ ਦੇ ਪਲੜੇ ਹਲਕੇ ਹੋਣਗੇ।" 🎧 "ਤਾਂ ਉਸ ਦਾ ਟਿਕਾਣਾ 'ਹਾਵੀਆ' ਹੋਵੇਗਾ।" 🎧 "ਅਤੇ ਤੁਹਾਨੂੰ ਕੀ ਖ਼ਬਰ ਕਿ ਇਹ (ਹਾਵੀਆ) ਕੀ ਹੈ?" 🎧 "ਉਹ ਇੱਕ ਦਹਕਦੀ ਹੋਈ (ਨਰਕ ਦੀ) ਅੱਗ ਹੈ।" (ਸੂਰਤ ਅਲ-ਕਾਰਿਆ: 1-11)
ਤਫ਼ਸੀਰ:
1. {ਅਲ ਕਾਰਿਆਹ} ਉਹ ਕਿਆਮਤ ਦੀ ਘੜੀ ਜੋ ਆਪਣੀ ਵੱਡੀ ਦਹਿਸ਼ਤ (ਸਖਤੀ) ਦੇ ਕਾਰਨ ਲੋਕਾਂ ਦੇ ਦਿਲਾਂ ਨੂੰ ਝੰਜੋੜ ਦੇਵੇਗੀ।
2. {ਮਲ ਕਾਰਿਆਹ} ਕੀ ਹੈ ਉਹ ਭਿਆਨਕ ਘੜੀ ਜੋ ਆਪਣੀ ਦਹਿਸ਼ਤ ਕਾਰਨ ਲੋਕਾਂ ਦੇ ਦਿਲਾਂ ਨੂੰ ਝੰਜੋੜ ਦੇਵੇਗੀ?!
3. {ਵਮਾ ਅਦਰਾਕਾ ਮਲ ਕਾਰਿਆਹ} ਅਤੇ -ਹੇ ਰਸੂਲ- ਤੁਹਾਨੂੰ ਕੀ ਪਤਾ ਕਿ ਦਿਲਾਂ ਨੂੰ ਝੰਜੋੜਨ ਵਾਲੀ ਉਹ ਸਖ਼ਤ ਘੜੀ ਕਿਹੜੀ ਹੈ?! ਬੇਸ਼ੱਕ! ਉਹ ਕਿਆਮਤ ਦਾ ਦਿਨ ਹੈ।
4. {ਯੌਮਾ ਯਕੁਨੁੰਨ-ਨਾਸੁ ਕਲ ਫਰਾਸ਼ਿਲ ਮਬਸੂਸ} ਜਿਸ ਦਿਨ ਲੋਕਾਂ ਦੇ ਦਿਲਾਂ ਨੂੰ ਝੰਜੋੜਿਆ ਜਾਵੇਗਾ, ਉਹ ਇੱਧਰ-ਉੱਧਰ ਖਿੱਲਰੇ ਹੋਏ ਪਤੰਗਿਆਂ (ਪਰਵਾਨਿਆਂ) ਵਾਂਗ ਹੋ ਜਾਣਗੇ।
5. {ਵਾ ਤਕੂਨੁਲ ਜਿਬਾਲੁ ਇਹਨਿਲ ਮਨਫ਼ੂਸ਼} ਅਤੇ ਪਹਾੜ ਪਿੰਜੀ ਹੋਈ ਉੱਨ ਵਾਂਗ ਹਲਕੇ ਹੋ ਜਾਣਗੇ।
6. {ਫ਼ਾ ਅੱਮਾ ਮਨ ਸਕੁਲਤ ਮਵਾਜ਼ੀਨੁਹ} ਸੋ ਜਿਸਦੇ ਚੰਗੇ ਕਰਮ, ਉਸਦੇ ਮਾੜੇ ਕਰਮਾਂ ਤੋਂ ਵੱਧ ਹੋਣਗੇ।
7. {ਫਹੁਵਾ ਫੀ ਈਸ਼ਾਤਿੱਰ-ਰਾਜ਼ੀਆ} ਤਾਂ ਉਹ ਤਸੱਲੀਬਖ਼ਸ਼ ਤੇ ਸਕੂਨ ਵਾਲਾ ਜੀਵਨ ਬਤੀਤ ਕਰੇਗਾ, ਜੋ ਉਸਨੂੰ ਜੰਨਤ ਵਿੱਚ ਪ੍ਰਾਪਤ ਹੋਵੇਗਾ।
8. {ਵਾ ਅੱਮਾ ਮਨ ਖ਼ੱਫਤ ਮਵਾਜ਼ੀਨੁਹ} ਅਤੇ ਜਿਸਦੇ ਮਾੜੇ ਕਰਮ ਉਸਦੇ ਚੰਗੇ ਕਰਮਾਂ ਤੋਂ ਵੱਧ ਹੋਣਗੇ।
9. {ਫਾ ਉੱਮੁ ਹਾਵੀਆਹ} ਤਾਂ ਕਿਆਮਤ ਦੇ ਦਿਨ ਉਸਦਾ ਟਿਕਾਣਾ ਅਤੇ ਰਹਿਣ ਦਾ ਸਥਾਨ ਜਹੰਨਮ (ਨਰਕ) ਹੋਵੇਗਾ।
10. {ਵਮਾ ਅਦਰਾਕਾ ਮਾਹੀਆਹ} ਅਤੇ (ਹੇ ਰਸੂਲ) ਤੁਹਾਨੂੰ ਕੀ ਪਤਾ ਕਿ ਉਹ ਕੀ ਹੈ?
11. {ਨਾਰੁਨ ਹਾਮੀਆਹ} ਉਹ ਇੱਕ ਭੜਕਦੀ ਹੋਈ ਅੱਗ ਹੈ।

ਉੱਤਰ- ਸੂਰਤ ਅਤ-ਤਕਾਸੁਰ ਅਤੇ ਇਸਦੀ ਤਫ਼ਸੀਰ:
🎧 ਸ਼ੁਰੂ (ਕਰਦਾ ਹਾਂ) ਅੱਲਾਹ ਦੇ ਨਾਂ ਨਾਲ ਜਿਹੜਾ ਅਤਿਅੰਤ ਮਿਹਰਬਾਨ ਅਤੇ ਰਹਿਮ ਫ਼ਰਮਾਉਣ ਵਾਲਾ ਹੈ।
🎧 "ਬਹੁਤਾ (ਧਨ) ਹੋਣ ਦੀ ਇਛਾ ਨੇ ਤੁਹਾਨੂੰ (ਪਰਲੋਕ ਤੋਂ) ਬੇਖ਼ਬਰ ਕਰ ਛੱਡਿਆ ਹੈ।" 🎧 "ਇੱਥੋਂ ਤੱਕ ਕਿ ਤੁਸੀਂ ਕਬਰਾਂ ਵਿਚ ਪਹੁੰਚ ਗਏ (ਭਾਵ ਮਰ ਗਏ)।" 🎧 "ਉੱਕਾ ਹੀ ਨਹੀਂ, ਛੇਤੀ ਹੀ ਤੁਸੀਂ ਜਾਣ ਲਵੋਗੇ।" 🎧 "ਫੇਰ (ਸੁਣ ਲਵੋ) ਕਿ ਉੱਕਾ ਹੀ ਨਹੀਂ, ਛੇਤੀ ਹੀ ਤੁਸੀਂ ਜਾਣ ਲਵੋਗੇ।" 🎧 "ਉੱਕਾ ਨਹੀਂ, ਜੇ ਤੁਸੀਂ ਪੂਰੇ ਵਿਸ਼ਵਾਸ ਨਾਲ ਕਿਆਮਤ ਦਿਹਾੜੇ ਨੂੰ ਜਾਣ ਲੈਂਦੇ (ਤਾਂ ਤੁਸੀਂ ਕਦੇ ਵੀ ਇਸ ਤੋਂ ਬੇਖ਼ਬਰ ਨਾ ਹੁੰਦੇ।" 🎧 "ਹੁਣ ਤੁਸੀਂ ਜ਼ਰੂਰ ਹੀ ਨਰਕ ਨੂੰ ਵੇਖੋਗੇ।" 🎧 "ਫੇਰ ਤੁਸੀਂ ਇਸ ਨੂੰ ਵਿਸ਼ਵਾਸ ਕਰਨ ਵਾਲੀ ਅੱਖ ਨਾਲ ਵੇਖੋਗੇ।" 🎧 "ਉਸ ਦਿਨ ਤੁਹਾਥੋਂ (ਰੱਬ ਵੱਲੋਂ ਦਿੱਤੀਆਂ ਗਈਆਂ) ਨਿਅਮਤਾ ਪ੍ਰਤੀ ਜ਼ਰੂਰ ਪੁੱਛਿਆ ਜਾਵੇਗਾ।" [ਸੂਰਤ ਅਤ-ਤਕਾਸੁਰ: 1-8]
ਤਫ਼ਸੀਰ:
1. {ਅਲਹਾਕੁਮੁਤ ਤਕਾਸੁਰ} ਹੇ ਲੋਕੋ, ਤੁਹਾਡੀ ਦੌਲਤ ਅਤੇ ਬੱਚਿਆਂ ਬਾਰੇ ਸ਼ੇਖੀ ਮਾਰਨ (ਘੁਮੰਡ ਕਰਨ) ਨੇ ਤੁਹਾਨੂੰ ਅੱਲਾਹ ਦੀ ਆਗਿਆ ਮੰਨਣ ਤੋਂ ਭਟਕਾ ਦਿੱਤਾ ਹੈ।
2. {ਹੱਤਾ ਜ਼ੁਰਤੁਮੁਲ-ਮਕਾਬਿਰ} ਇੱਥੋਂ ਤੱਕ ਕਿ ਤੁਸੀਂ ਮਰ ਗਏ ਅਤੇ ਆਪਣੀਆਂ ਕਬਰਾਂ ਵਿੱਚ ਜਾ ਪਹੁੰਚੇ।
3. {ਕੱਲਾ ਸੌਫਾ ਤਾਅਲਾਮੂਨ} ਇਹ ਨਹੀਂ ਹੋਣਾ ਚਾਹੀਦਾ ਸੀ ਕਿ ਤੁਸੀਂ ਇਸ ਸ਼ੇਖੀ ਮਾਰਨ ਕਰਕੇ ਅੱਲਾਹ ਦੀ ਆਗਿਆ ਦਾ ਪਾਲਣ ਕਰਨ ਤੋਂ ਭਟਕ ਗਏ। ਤੁਸੀਂ ਇਸ ਸ਼ੇਖੀ ਦਾ ਅੰਜਾਮ (ਪਰਿਣਾਮ) ਜ਼ਰੂਰ ਪਤਾ ਚੱਲ ਜਾਵੇਗਾ।
4. {ਸੁੱਮਾ ਕੱਲਾ ਸੌਫਾ ਤਾਅਲਾਮੂਨ} ਫੇਰ ਤੁਸੀਂ ਛੇਤੀ ਹੀ ਉਸਦੇ ਪਰਿਣਾਮ ਬਾਰੇ ਜਾਣ ਜਾਵੋਗੇ।
5. {ਕੱਲਾ ਲੌ ਤਾਅਲਾਮੂਨਾ ਇਲਮਲ ਯਕੀਨ} ਅਸਲ ਵਿੱਚ ਸੱਚੀ ਗੱਲ ਤਾਂ ਇਹ ਹੈ ਕਿ ਜੇਕਰ ਤੁਹਾਨੂੰ ਯਕੀਨ ਹੁੰਦਾ ਕਿ ਤੁਸੀਂ ਦੁਬਾਰਾ ਜਿਉਂਦੇ ਹੋਕੇ ਅੱਲਾਹ ਵੱਲ ਪਰਤਾਏ ਜਾਵੋਗੇ, ਅਤੇ ਉਹ ਤੁਹਾਨੂੰ ਤੁਹਾਡੇ ਕਰਮਾਂ ਦਾ ਫਲ (ਬਦਲਾ) ਦੇਵੇਗਾ, ਤਾਂ ਤੁਸੀਂ ਆਪਣੇ ਧਨ ਅਤੇ ਬੱਚਿਆਂ 'ਤੇ ਹੰਕਾਰ ਕਰਨ ਵਿੱਚ ਰੁੱਝੇ ਨਾ ਹੁੰਦੇ।
6. {ਲਤਰਾ-ਵੁਨੱਲ ਜਹੀਮ} ਅੱਲਾਹ ਦੀ ਕਸਮ (ਸੁੰਹ), ਤੁਸੀਂ ਕਿਆਮਤ ਦੇ ਦਿਨ ਜ਼ਰੂਰ ਜਹੰਨਮ ਨੂੰ ਵੇਖੋਗੇ।
7. {ਸੁੱਮਾ ਲਤਰਾ-ਵੁੱਨਾਹਾ ਐਨਲ ਯਕੀਨ} ਫੇਰ ਤੁਸੀਂ ਉਸਨੂੰ ਬਿਨਾ ਕਿਸੇ ਸ਼ੱਕ ਦੇ ਪੱਕੀ ਨਿਸ਼ਚਤਤਾ (ਯਕੀਨ) ਨਾਲ ਵੇਖੋਗੇ।
8. {ਸੁੱਮਾ ਲਾ-ਤੁੱਸਅਲੁੱਨਾ ਯੌਮਾਇਜ਼ਿਨ ਅਨਿਨ-ਨਈਮ} ਫੇਰ ਉਸ ਦਿਨ ਅੱਲਾਹ ਤੁਹਾਥੋਂ ਸਿਹਤ ਅਤੇ ਧਨ-ਦੌਲਤ ਆਦਿ ਮਿਹਰਾਂ ਬਾਰੇ ਜ਼ਰੂਰ ਪੁੱਛੇਗਾ, ਜੋ ਉਸਨੇ ਤੁਹਾਨੂੰ ਬਖਸ਼ੀਆਂ ਹਨ।

ਉੱਤਰ ਸੂਰਤ ਅਲ-ਅਸਰ ਅਤੇ ਇਸਦੀ ਤਫ਼ਸੀਰ:
🎧 ਸ਼ੁਰੂ (ਕਰਦਾ ਹਾਂ) ਅੱਲਾਹ ਦੇ ਨਾਂ ਨਾਲ ਜਿਹੜਾ ਅਤਿਅੰਤ ਮਿਹਰਬਾਨ ਅਤੇ ਰਹਿਮ ਫ਼ਰਮਾਉਣ ਵਾਲਾ ਹੈ।
🎧 "ਜ਼ਮਾਨੇ ਦੀ ਸੁੰਹ।" 🎧 "ਬੇਸ਼ੱਕ ਮਨੁੱਖ ਘਾਟੇ ਵਿੱਚ ਹੈ।" 🎧 "ਸਿਵਾਏ ਉਹਨਾ ਲੋਕਾਂ ਤੋਂ, ਜਿਹੜੇ ਈਮਾਨ ਲਿਆਏ ਅਤੇ ਉਹਨਾ ਨੇ ਚੰਗੇ ਕਰਮ ਵੀ ਕੀਤੇ, ਅਤੇ ਇੱਕ ਦੂਜੇ ਨੂੰ ਹੱਕ ਸੱਚ (ਆਖਣ) ਦੀ ਨਸੀਹਤ ਕੀਤੀ ਅਤੇ ਇੱਕ ਦੂਜੇ (ਹਰ ਹਾਲ ਵਿੱਚ) ਸਬਰ ਕਰਨ (ਭਾਵ ਡਟੇ ਰਹਿਣ) ਦੀ ਨਸੀਹਤ ਕੀਤੀ।" [ਸੂਰਤ ਅਲ-ਅਸਰ: 1-3]
ਤਫ਼ਸੀਰ:
1. {ਵਲ ਅਸਰ} ਪਵਿੱਤਰ ਅਤੇ ਮਹਾਨ ਅੱਲਾਹ ਤਆਲਾ ਸਮੇਂ ਦੀ ਸੁੰਹ ਖਾਂਦਾ ਹੈ।
2. {ਇੱਨਲ ਇਨਸਾਨਾ ਲਫ਼ੀ ਖੁਸਰ} ਭਾਵ: ਸਾਰੇ ਮਨੁੱਖ ਨੁਕਸਾਨ ਅਤੇ ਬਰਬਾਦੀ ਵਿੱਚ ਹਨ।
3. {ਇੱਲੱਲ ਲਜ਼ੀਨਾ ਆਮਨੁ ਵਾ ਆਮਿਲੁੱਸ-ਸਾਲਿਹਾਤੀ ਵਾ ਤਵਾਸੌ ਬਿਲ-ਹੱਕੀ ਵਾ ਤਵਾਸੌ ਬਿੱਸ-ਸਬਰ} ਲੇਕਿਨ ਜੋ ਲੋਕ ਈਮਾਨ ਲਿਆਏ, ਨੇਕ ਕੰਮ ਕਰਦੇ ਹਨ, ਲੋਕਾਂ ਨੂੰ ਸੱਚ ਵੱਲ ਬੁਲਾਉਂਦੇ ਹਨ ਅਤੇ ਇਸ ਰਸਤੇ ਵਿੱਚ ਜੋ ਮੁਸ਼ਕਿਲਾਂ ਆਉਂਦੀਆਂ ਹਨ, ਉਨ੍ਹਾਂ 'ਤੇ ਸਬਰ ਕਰਦੇ ਹਨ; ਕੇਵਲ ਉਹੀ ਲੋਕ ਹਨ ਜੋ ਨੁਕਸਾਨ ਅਤੇ ਬਰਬਾਦੀ ਤੋਂ ਬੱਚ ਜਾਂਦੇ ਹਨ।

ਉੱਤਰ ਸੂਰਤ ਅਲ-ਹੁਮਾਜ਼ਾ ਅਤੇ ਇਸਦੀ ਤਫ਼ਸੀਰ:
🎧 ਸ਼ੁਰੂ (ਕਰਦਾ ਹਾਂ) ਅੱਲਾਹ ਦੇ ਨਾਂ ਨਾਲ ਜਿਹੜਾ ਅਤਿਅੰਤ ਮਿਹਰਬਾਨ ਅਤੇ ਰਹਿਮ ਫ਼ਰਮਾਉਣ ਵਾਲਾ ਹੈ।
🎧 "ਹਰ ਤਾਅਨੇ-ਮਿਹਨੇ ਦੇਣ ਵਾਲੇ ਤੇ ਬੁਰਾਈਆਂ ਦੀ ਟੋਹ ਵਿੱਚ ਰਹਿਣ ਵਾਲੇ (ਵਿਅਕਤੀ) ਲਈ ਤਬਾਹੀ ਹੈ।" 🎧 "(ਅਤੇ ਉਸ ਲਈ ਵੀ) ਜਿਸ ਨੇ ਧਨ-ਦੌਲਤ ਨੂੰ ਜੋੜਿਆ ਅਤੇ ਉਸ ਨੂੰ ਗਿਣ-ਗਿਣ ਕੇ ਰੱਖਿਆ।" 🎧 "ਉਹ ਸਮਝਦਾ ਹੈ ਕਿ ਉਸ ਦਾ ਮਾਲ ਉਸ ਨੂੰ ਸਦਾ ਲਈ ਜਿਉਂਦਾ ਰੱਖੇਗਾ।" 🎧 "ਬਿਲਕੁਲ ਵੀ ਨਹੀਂ ,ਉਸ ਨੂੰ ਜ਼ਰੂਰ ਹੀ 'ਹੋਤਾਮਾਂ' ਵਿੱਚ ਸੁੱਟਿਆ ਜਾਵੇਗਾ।" 🎧 "ਅਤੇ ਤੁਹਾਨੂੰ ਕੀ ਪਤਾ ਹੈ ਕਿ ਉਹ (ਹੋਤਾਮਾਂ) ਕੀ ਹੈ?" 🎧 "ਉਹ ਅੱਲਾਹ ਵੱਲੋਂ ਭੜਕਾਈ ਹੋਈ ਅੱਗ ਹੈ।" 🎧 "ਜਿਹੜੀ ਦਿਲਾਂ ਤੱਕ ਪਹੁੰਚੇਗੀ।" 🎧 "ਬੇਸ਼ੱਕ ਉਹ (ਅੱਗ) ਉਹਨਾਂ 'ਤੇ (ਹਰ ਪਾਸਿਓਂ) ਬੰਦ ਕਰ ਦਿੱਤੀ ਜਾਵੇਗੀ।" 🎧 "ਉਹ ਲੰਮੇ-ਲੰਮੇ ਥੰਮ੍ਹਾਂ ਵਿਚਾਲੇ (ਬੰਦ ਕਰ ਦਿੱਤੀ ਜਾਵੇਗੀ)।" [ਸੂਰਤ ਅਲ-ਹੁਮਾਜ਼ਾ: 1-9]
ਤਫ਼ਸੀਰ:
1. {ਵੈਲੁਲ-ਲਿਕੁੱਲੀ ਹੁਮਾਜ਼ਾਤਿਲ ਹੁਮਾਜ਼ਾ} ਵਿਨਾਸ਼ ਅਤੇ ਬਰਬਾਦੀ ਹੈ ਹਰ ਉਸ ਵਿਅਕਤੀ ਲਈ, ਜੋ ਲੋਕਾਂ ਦੀ ਚੁਗਲੀ ਕਰਦਾ ਹੈ ਅਤੇ ਉਨ੍ਹਾਂ ਵਿੱਚ ਨੁਕਸ (ਦੋਸ਼) ਲਭਦਾ ਫਿਰਦਾ ਹੈ।
2. {ਅੱਲਜ਼ੀ ਜਮਆ ਮਾਲੰਵ ਵਾ ਅੱਦਾਦਾਹ} ਜਿਸ ਦੀ ਮੁੱਖ ਚਿੰਤਾ ਪੈਸਾ (ਧਨ) ਇਕੱਠਾ ਕਰਨਾ ਅਤੇ ਉਸਨੂੰ ਗਿਣ-ਗਿਣ ਕੇ ਰੱਖਣਾ ਹੈ। ਉਸਦਾ ਹੋਰ ਕੋਈ ਉਦੇਸ਼ ਨਹੀਂ ਹੈ।
3. {ਯਾਹਸਬੁ ਅੱਨਾ ਮਾਲਾਹੁ ਉਖਲਦਾਹ} ਉਹ ਸੋਚਦਾ ਹੈ ਕਿ ਜੋ ਧਨ ਉਸਨੇ ਇਕੱਠਾ ਕੀਤਾ ਹੈ, ਉਹ ਉਸਨੂੰ ਮੌਤ ਤੋਂ ਬਚਾ ਲਵੇਗਾ ਅਤੇ ਉਹ ਇਸ ਦੁਨੀਆ ਵਿੱਚ ਹਮੇਸ਼ਾ ਜੀਵਿਤ ਰਹੇਗਾ।
4. {ਕੱਲਾ ਲਾ-ਯੁਮਬਜ਼ੱਨਾ ਫਿਲ ਹੁਤਾਮਾਹ} ਹਾਲਾਂਕਿ ਮਾਮਲਾ ਅਜਿਹਾ ਨਹੀਂ ਹੈ, ਜਿਵੇਂ ਇਸ ਅਗਿਆਨੀ (ਬੇਵਕੂਫ) ਨੇ ਸੋਚਿਆ ਹੈ। ਉਸਨੂੰ ਜ਼ਰੂਰ ਹੀ ਜਹੰਨਮ ਦੀ ਅੱਗ ਵਿੱਚ ਸੁੱਟਿਆ ਜਾਵੇਗਾ, ਜੋ ਇੰਨੀ ਹਿੰਸਕ ਹੋਵੇਗੀ ਕਿ ਹਰ ਉਸ ਚੀਜ਼ ਨੂੰ ਕੁਚਲ ਕੇ ਰੱਖ ਦੇਵੇਗੀ, ਜੋ ਉਸ ਵਿੱਚ ਸੁੱਟੀ ਜਾਵੇਗੀ।
5. {ਵਮਾ ਅਦਰਾਕਾ ਮਲ-ਹੁਤਾਮਾਹ} ਅਤੇ (ਹੇ ਰਸੂਲ) ਤੁਸੀਂ ਕੀ ਜਾਣੋ ਕਿ ਉਹ ਅੱਗ ਕੀ ਹੈ ਜੋ ਹਰ ਚੀਜ਼ ਨੂੰ ਚੂਰਾ ਬਣਾ ਦੇਵੇਗੀ, ਜੋ ਇਸ ਵਿੱਚ ਸੁੱਟੀ ਜਾਵੇਗੀ?!
6. {ਨਾਰੁੱਲਾਹੀ ਮੂਕਾਦਾਹ} ਉਹ ਅਲਾਹ ਦੀ ਭੜਕਾਈ ਹੋਈ ਅੱਗ ਹੈ।
7. {ਅੱਲਤੀ ਤੱਤਾਲਿਉ ਅਲਲ-ਅਫ਼ਇਦਾਹ} ਜੋ ਮਨੁੱਖ ਦੇ ਸ਼ਰੀਰ ਨੂੰ ਚੀਰਦੀ ਹੋਈ ਉਸਦੇ ਦਿਲ ਤੱਕ ਪਹੁੰਚ ਜਾਵੇਗੀ।
8. {ਇੱਨਾਹਾ ਅਲੈਹਿਮ ਮੁਅਸਦਾਹ} ਉਸਨੂੰ ਉਨ੍ਹਾਂ ਲੋਕਾਂ ਉੱਤੇ ਬੰਦ ਕਰ ਦਿੱਤਾ ਜਾਵੇਗਾ, ਜਿਨ੍ਹਾਂ ਨੂੰ ਉਸ ਵਿੱਚ ਤਸੀਹੇ ਦਿੱਤੇ ਜਾਣਗੇ।
9. {ਫ਼ੀ ਅਮਾਦਿਮ ਮੁਮੱਦਾਦਾਹ} ਲੰਮੇ-ਲੰਮੇ ਥੰਮ੍ਹਾਂ ਦੁਆਰਾ ਬੰਦ ਕੀਤੀ ਜਾਵੇਗੀ, ਤਾਂ ਜੋ ਉਹ ਇਸ ਵਿੱਚੋਂ ਨਿੱਕਲ ਨਾ ਸਕਣ।

ਉੱਤਰ- ਸੂਰਤ ਅਲ-ਫ਼ੀਲ ਅਤੇ ਇਸਦੀ ਤਫ਼ਸੀਰ:
🎧 ਸ਼ੁਰੂ (ਕਰਦਾ ਹਾਂ) ਅੱਲਾਹ ਦੇ ਨਾਂ ਨਾਲ ਜਿਹੜਾ ਅਤਿਅੰਤ ਮਿਹਰਬਾਨ ਅਤੇ ਰਹਿਮ ਫ਼ਰਮਾਉਣ ਵਾਲਾ ਹੈ।
🎧 "ਕੀ ਤੁਸੀਂ (ਹੇ ਨਬੀ ਸ.!) ਨਹੀਂ ਵੇਖਿਆ ਕਿ ਤੁਹਾਡੇ ਰੱਬ ਨੇ ਹਾਥੀ ਵਾਲਿਆਂ ਨਾਲ ਕੀ ਕੀਤਾ ਸੀ?" 🎧 "ਕੀ ਉਸ ਨੇ ਉਹਨਾਂ ਦੀ ਚਾਲ ਬੇਕਾਰ ਨਹੀਂ ਸੀ ਕਰ ਦਿੱਤੀ?" 🎧 "ਉਸ ਨੇ ਉਹਨਾਂ (ਦੀ ਫ਼ੌਜ) ਉੱਤੇ ਡਾਰਾਂ ਦੀਆਂ ਡਾਰਾਂ ਪੰਛੀਆਂ ਦੀਆਂ ਭੇਜੀਆਂ।" 🎧 "ਜਿਹੜੇ ਉਹਨਾਂ ਉੱਤੇ ਪੱਥਰਾਂ ਦੀਆਂ ਰੋੜ੍ਹੀਆਂ ਸੁੱਟ ਰਹੇ ਸਨ।" 🎧 "ਫੇਰ ਇੰਜ ਅੱਲਾਹ ਨੇ ਉਹਨਾਂ ਨੂੰ ਜੁਗਾਲੀ ਕੀਤੀ ਹੋਈ ਤੂੜੀ ਵਾਂਗ ਕਰ ਦਿੱਤਾ।" (ਸੂਰਤ ਅਲ-ਫ਼ੀਲ: 1-5)
ਤਫ਼ਸੀਰ:
1. {ਅਲਮ ਤਰਾ ਕੈਫਾ ਫਾਅਲਾ ਰੱਬੁਕਾ ਬਿ ਅਸਹਾਬਿਲ ਫੀਲ} (ਹੇ ਰਸੂਲ) ਕੀ ਤੁਸੀਂ ਨਹੀਂ ਜਾਣਦੇ ਕਿ ਤੁਹਾਡੇ ਰੱਬ ਨੇ ਅਬਰਾਹਾ ਅਤੇ ਉਸਦੀ ਹਾਥੀ ਵਾਲੀ ਫੌਜ ਨਾਲ ਕੀ ਕੀਤਾ, ਜਦੋਂ ਉਨ੍ਹਾਂ ਨੇ ਕਾਬਾ ਨੂੰ ਢਾਹੁਣ ਦਾ ਇਰਾਦਾ ਕੀਤਾ ਸੀ?!
2. {ਅਲਮ ਯਜਅਲ ਕੈਦਾਹੁਮ ਫੀ ਤਜ਼ਲੀਲ} ਅੱਲਾਹ ਨੇ ਉਨ੍ਹਾਂ ਦੀ ਕਾਬਾ ਨੂੰ ਢਾਹੁਣ ਦੀ ਮਾੜੀ ਚਾਲ ਨੂੰ ਨਾਕਾਮ ਕਰ ਦਿੱਤਾ; ਅਤੇ ਉਹ ਲੋਕਾਂ ਦਾ ਕਾਬਾ ਤੋਂ ਮੂੰਹ-ਮੋੜਨ ਵਿੱਚ ਸਫਲ ਨਹੀਂ ਹੋ ਸਕੇ ਅਤੇ ਨਾਮੁਰਾਦ (ਮੰਦਭਾਗੇ) ਹੋ ਕੇ ਵਾਪਸ ਚਲੇ ਗਏ।
3. {ਵਾ ਅਰਸਲਾ ਅਲੈਹਿਮ ਤਈਰਨ ਅਬਾਬੀਲ} ਅਤੇ ਉਨ੍ਹਾਂ ਵੱਲ ਪੰਛੀਆਂ ਦੇ ਸਮੂਹਾਂ ਨੂੰ ਭੇਜ ਦਿੱਤਾ।
{ਤਰਮੀਹਿਮ ਬਿਹਿਜਾਰਾਤਿੰਮ-ਮਿਨ ਸਿੱਜੀਲ} ਜੋ ਉਨ੍ਹਾਂ ਉੱਤੇ ਪੱਕੀ ਹੋਈ ਮਿੱਟੀ ਦੇ ਕੰਕਰ ਮਾਰ ਰਹੇ ਸਨ।
5. {ਫਜਆਲਾਹੁਮ ਕਾਅਸਫਿੱਮ ਮਾਅਕੂਲ} ਸੋ ਅੱਲਾਹ ਨੇ ਉਨ੍ਹਾਂ ਨੂੰ ਉਨ੍ਹਾਂ ਪੱਤਿਆਂ ਵਾਂਗ ਕਰ ਦਿੱਤਾ, ਜਿਨ੍ਹਾਂ ਨੂੰ ਜਾਨਵਰਾਂ ਨੇ ਖਾਧਾ ਹੋਵੇ ਤੇ ਮਿੱਧ ਦਿੱਤਾ ਹੋਵੇ।

ਉੱਤਰ: ਸੂਰਤ ਕੁਰੈਸ਼ ਅਤੇ ਇਸਦੀ ਤਫ਼ਸੀਰ:
🎧 ਸ਼ੁਰੂ (ਕਰਦਾ ਹਾਂ) ਅੱਲਾਹ ਦੇ ਨਾਂ ਨਾਲ ਜਿਹੜਾ ਅਤਿਅੰਤ ਮਿਹਰਬਾਨ ਅਤੇ ਰਹਿਮ ਫ਼ਰਮਾਉਣ ਵਾਲਾ ਹੈ।
🎧 "ਕਿਉਂ ਜੋ ਕੁਰੈਸ਼ ਵਾਲੇ ਗਿੱਝ ਗਏ।" 🎧 "ਅਰਥਾਤ ਸਿਆਲ ਤੇ ਹਾੜ੍ਹ ਦਾ ਸਫ਼ਰ ਕਰਨ ਵਿੱਚ ਗਿੱਝ ਗਏ।" 🎧 "ਸੋ ਇਨ੍ਹਾਂ ਲੋਕਾਂ ਨੂੰ ਚਾਹੀਦਾ ਹੈ ਕਿ ਉਹ ਇਸ ਘਰ (ਖ਼ਾਨਾ-ਕਾਅਬਾ) ਦੇ ਮਾਲਿਕ ਦੀ ਇਬਾਦਤ ਕਰਨ।" 🎧 "ਜਿਸ (ਮਾਲਿਕ) ਨੇ ਉਹਨਾਂ ਨੂੰ ਭੁੱਖ ਤੋਂ ਬਚਾ ਕੇ ਖਾਣ ਲਈ ਦਿੱਤਾ ਅਤੇ (ਬਦਅਮਨੀ ਦੇ) ਡਰ ਤੋਂ ਬਚਾ ਕੇ ਅਮਨ ਸ਼ਾਂਤੀ ਦਿੱਤੀ।" [ਸੂਰਤ ਕੁਰੈਸ਼: 1-4]
ਤਫ਼ਸੀਰ:
1. {ਲਿਈਲਾਫੀ ਕੁਰੈਸ਼} ਇਸ ਦਾ ਮਤਲਬ ਸਰਦੀਆਂ ਤੇ ਗਰਮੀਆਂ ਦੀਆਂ ਯਾਤਰਾਵਾਂ ਹਨ, ਜੋ ਉਹ ਕਰਿਆ ਕਰਦੇ ਸਨ।
2. {ਈਲਾਫ਼ਿਹਿਮ ਰਿਹਲਾਤੱਸ਼-ਸ਼ਿਤਾਈ ਵੱਸ-ਸੈਫ} ਉਹ ਯਮਨ ਵੱਲ ਸਰਦੀ ਦੀ ਯਾਤਰਾ, ਅਤੇ ਸ਼ਾਮ (ਸੀਰੀਆ) ਵੱਲ ਗਰਮੀ ਦੀ ਯਾਤਰਾ ਵਿੱਚ ਸੁਰੱਖਿਅਤ ਰਹਿੰਦੇ ਸਨ।
3. {ਫਲਯਾਬੁਦੂ ਰੱਬਾ ਹਾਜ਼ਲ ਬੈਤ} ਸੋ ਉਨ੍ਹਾਂ ਨੂੰ ਚਾਹੀਦਾ ਹੈ ਕਿ ਕੇਵਲ, ਇਸ ਪਵਿੱਤਰ ਘਰ ਦੇ ਮਾਲਕ, ਅੱਲਾਹ ਦੀ ਹੀ ਇਬਾਦਤ ਕਰਨ, ਜਿਸਨੇ ਉਨ੍ਹਾਂ ਲਈ ਇਹ ਯਾਤਰਾ ਸੌਖੀ ਬਣਾ ਦਿੱਤੀ ਹੈ; ਅਤੇ ਉਸ ਨਾਲ ਕਿਸੇ ਨੂੰ ਹੋਰ ਨੂੰ ਸਾਂਝੀ/ਸ਼ਰੀਕ ਨਾ ਬਣਾਉਣ।
4. {ਅੱਲਜ਼ੀ ਅਤਅਮਾਹੁਮ ਮਿਨ ਜੂਇੰਵ ਵਾ ਆਮਨਾਹੁਮ ਮਿਨ ਖੌਫ} ਜਿਸਨੇ ਉਨ੍ਹਾਂ ਨੂੰ ਭੁੱਖ ਵਿੱਚ ਖਵਾਇਆ ਅਤੇ ਉਨ੍ਹਾਂ ਨੂੰ ਡਰ (ਖੌਫ) ਤੋਂ ਸੁਰੱਖਿਅਤ ਕੀਤਾ, ਕਿਉਂਕਿ ਉਸਨੇ ਅਰਬੀ ਲੋਕਾਂ ਦੇ ਦਿਲਾਂ ਵਿੱਚ ਮਸਜਿਦੇ-ਹਰਮ (ਕਾਬਾ) ਲਈ ਅਤੇ ਇਸਦੇ ਨਿਵਾਸੀਆਂ ਲਈ ਸਤਿਕਾਰ ਪਾ ਦਿੱਤਾ ਸੀ।

ਉੱਤਰ- ਸੂਰਤ ਅਲ-ਮਾਊਨ ਅਤੇ ਇਸਦੀ ਤਫ਼ਸੀਰ:
🎧 ਸ਼ੁਰੂ (ਕਰਦਾ ਹਾਂ) ਅੱਲਾਹ ਦੇ ਨਾਂ ਨਾਲ ਜਿਹੜਾ ਅਤਿਅੰਤ ਮਿਹਰਬਾਨ ਅਤੇ ਰਹਿਮ ਫ਼ਰਮਾਉਣ ਵਾਲਾ ਹੈ।
🎧 "ਕੀ ਤੁਸੀਂ (ਹੇ ਨਬੀ ਸ.) ਉਸ ਵਿਅਕਤੀ ਨੂੰ ਵੇਖਿਆ ਹੈ ਜਿਹੜਾ ਬਦਲੇ ਦੇ ਦਿਨ (ਕਿਅਮਤ) ਨੂੰ ਝੁਠਲਾਉਂਦਾ ਹੈ।" 🎧 "ਇਹ ਉਹ ਵਿਅਕਤੀ ਹੈ ਜਿਹੜਾ (ਯਤੀਮ) ਨੂੰ ਧੱਕੇ ਦਿੰਦਾ ਹੈ।" 🎧 "ਅਤੇ ਮੁਥਾਜਾਂ ਨੂੰ ਭੋਜਨ ਕਰਵਾਉਣ ਲਈ ਦੂਜਿਆਂ ਨੂੰ ਪ੍ਰੇਰਿਤ ਨਹੀਂ ਕਰਦਾ।" 🎧 "ਉਹਨਾਂ ਨਮਾਜ਼ੀਆਂ ਲਈ ਤਬਾਹੀ ਹੈ।" 🎧 "ਜਿਹੜੇ ਆਪਣੀਆਂ ਨਮਾਜ਼ਾਂ ਪ੍ਰਤੀ ਅਣਗਹਿਲੀਆਂ ਵਰਤਦੇ ਹਨ।" 🎧 "ਉਹ (ਵੀ) ਜਿਹੜੇ ਵਿਖਾਵਾ ਕਰਦੇ ਹਨ।" 🎧 "ਅਤੇ ਉਹਨਾਂ ਲਈ ਵੀ (ਤਬਾਹੀ ਹੈ) ਜਿਹੜੇ ਆਮ ਵਰਤਨ ਵਿੱਚ ਆਉਣ ਵਾਲੀਆਂ ਚੀਜ਼ਾਂ ਦੇਣ ਤੋਂ ਨਾ-ਨੁੱਕਰ ਕਰ ਦਿੰਦੇ ਹਨ।" (ਸੂਰਤ ਅਲ-ਮਾਊਨ: 1-7)
ਤਫ਼ਸੀਰ:
1. {ਅਰਐਤੱਲਜ਼ੀ ਯੁਕੱਜ਼ੀਬੁ ਬਿੱਦ-ਦੀਨ} ਕੀ ਤੁਸੀਂ ਉਸਨੂੰ ਜਾਣਦੇ ਹੋ, ਜੋ ਕਿਆਮਤ ਦੇ ਦਿਨ ਚੰਗੇ-ਮਾੜੇ ਦਾ ਬਦਲਾ ਮਿਲਣ ਨੂੰ ਝੁਠਲਾਉਂਦਾ ਹੈ?!
2. {ਫਜ਼ਾਲਿਕੱਲ-ਲਜ਼ੀ ਯਦੂਉਲ ਯਤੀਮ} ਇਹੋ ਉਹ ਵਿਅਕਤੀ ਹੈ, ਜੋ ਲੋੜਵੰਦ ਯਤੀਮ (ਅਨਾਥ) ਨੂੰ ਸਖ਼ਤੀ ਤੇ ਬਦਤਮੀਜ਼ੀ ਨਾਲ ਭਜਾ ਦਿੰਦਾ ਹੈ।
3. {ਵਲਾ ਯਹੁਜ਼ੁ ਅਲਾ ਤਆਮਿਲ ਮਿਸਕੀਨ} ਅਤੇ ਫਕੀਰਾਂ (ਗਰੀਬਾਂ) ਨੂੰ ਖਾਣਾ ਖਵਾਉਣ ਲਈ ਨਾ ਆਪਣੇ ਆਪ ਨੂੰ ਪ੍ਰੇਰਿਤ ਕਰਦਾ ਹੈ, ਅਤੇ ਨਾ ਹੀ ਦੂਜਿਆਂ ਨੂੰ ਪ੍ਰੇਰਿਤ ਕਰਦਾ ਹੈ।
4. {ਫਵੈਲੁਲਿੱਲ ਮੁਸੱਲੀਨ} ਸੋ ਤਬਾਹੀ ਤੇ ਬਰਬਾਦੀ ਹੈ, ਉਨ੍ਹਾਂ ਨਮਾਜ਼ੀਆਂ ਲਈ!
5. {ਅੱਲਜ਼ੀਨਾ ਹੁਮ ਅਨ ਸਲਾਤਿਹਿਮ ਸਾਹੂਨ} ਜੋ ਆਪਣੀਆਂ ਨਮਾਜ਼ਾਂ ਤੋਂ ਬੇਪਰਵਾਹ ਰਹਿੰਦੇ ਹਨ ਅਤੇ ਬੇਕਾਰ ਬੈਠੇ ਹੋਏ ਉਨ੍ਹਾਂ ਦਾ ਸਮਾਂ ਲੰਘਾ ਦਿੰਦੇ ਹਨ।
6. {ਅੱਲਜ਼ੀਨਾ ਹੁਮ ਯੁਰਾਊਨ} ਜੋ ਦਿਖਾਵੇ ਲਈ ਨਮਾਜ਼ ਪੜ੍ਹਦੇ ਹਨ ਅਤੇ ਚੰਗੇ ਕੰਮਾਂ ਕਰਦੇ ਹਨ। ਉਹ ਸੱਚੇ ਦਿਲੋਂ ਅੱਲਾਹ ਲਈ ਕੰਮ ਨਹੀਂ ਕਰਦੇ।
7. {ਵਾ ਯਮਨਾਊਨਲ ਮਾਊਨ} ਅਤੇ ਉਹ ਦੂਜਿਆਂ ਦੀ ਅਜਿਹੇ ਤਰੀਕਿਆਂ ਨਾਲ ਮਦਦ ਕਰਨ ਤੋਂ ਬਚਦੇ ਹਨ ਜਿਨ੍ਹਾਂ ਨਾਲ ਉਨ੍ਹਾਂ ਦੀ ਮਦਦ ਕਰਨ ਵਿੱਚ ਕੋਈ ਨੁਕਸਾਨ ਨਹੀਂ ਹੁੰਦਾ।

ਉੱਤਰ- ਸੂਰਤ ਅਲ-ਕੌਸਰ ਅਤੇ ਇਸਦੀ ਤਫ਼ਸੀਰ:
🎧 ਸ਼ੁਰੂ (ਕਰਦਾ ਹਾਂ) ਅੱਲਾਹ ਦੇ ਨਾਂ ਨਾਲ ਜਿਹੜਾ ਅਤਿਅੰਤ ਮਿਹਰਬਾਨ ਅਤੇ ਰਹਿਮ ਫ਼ਰਮਾਉਣ ਵਾਲਾ ਹੈ।
🎧 "(ਹੇ ਨਬੀ ਸ.) ਬੇਸ਼ੱਕ ਅਸੀਂ ਤੁਹਾਨੂੰ ਕੌਸਰ ਬਖ਼ਸ਼ ਦਿੱਤੀ ਹੈ।" 🎧 "ਸੋ ਤੁਸੀਂ ਆਪਣੇ ਰੱਬ (ਦੀ ਰਜ਼ਾ) ਲਈ ਹੀ ਨਮਾਜ਼ ਪੜ੍ਹੋ ਅਤੇ (ਉਸੇ ਦੇ ਨਾਂ ਦੀ) ਕੁਰਬਾਨੀ ਕਰੋ।" 🎧 "ਬੇਸ਼ੱਕ ਤੁਹਾਡਾ ਵੈਰੀ ਹੀ ਜੜ-ਕਟਿਆ ਹੈ।" [ਸੂਰਤ ਅਲ-ਕੌਸਰ: 1-3]
ਤਫ਼ਸੀਰ:
1. {ਇੱਨਾ ਆਤੈਨਾਕਲ-ਕੌਸਰ} (ਹੇ ਰਸੂਲ ﷺ) ਅਸੀਂ ਤੁਹਾਨੂੰ ਬਹੁਤ ਸਾਰੀਆਂ ਚੰਗੀਆਂ ਚੀਜ਼ਾਂ ਬਖਸ਼ੀਆਂ ਹਨ, ਜਿਨ੍ਹਾਂ ਵਿੱਚੋਂ ਇੱਕ ਜਨੰਤ ਵਿੱਚ ਕੌਸਰ ਨਦੀ ਵੀ ਹੈ।
2. {ਫਸੱਲੀ ਲੀ ਰੱਬੀਕਾ ਵਨਹਰ} ਸੋ ਇਸ ਮਿਹਰ ਸਦਕੇ ਤੁਸੀਂ ਅੱਲਾਹ ਦਾ ਸ਼ੁਕਰ ਕਰਦੇ ਹੋਏ ਕੇਵਲ ਉਸੇ ਲਈ ਹੀ ਨਮਾਜ਼ ਪੜ੍ਹੋ ਅਤੇ ਕੁਰਬਾਨੀ ਕਰੋ, ਜਦੋਂ ਕਿ ਇਸ ਦੇ ਉਲਟ ਜੋ ਮੁਸ਼ਰਿਕ ਹਨ ਉਹ ਆਪਣੇ ਬੁੱਤਾਂ (ਮੂਰਤੀਆਂ) ਲਈ ਬਲੀ ਚੜ੍ਹਾ ਕੇ ਉਨ੍ਹਾਂ ਦੀ ਨੇੜਤਾ ਪ੍ਰਾਪਤ ਕਰਨ ਲਈ ਰੁੱਝੇ ਰਹਿੰਦੇ ਹਨ।
3. {ਇੱਨਾ ਸ਼ਾਅਨਿਆਕਾ ਹੁਵਲ-ਅਬਤਰ} ਬੇਸ਼ੱਕ ਤੁਹਾਥੋਂ ਨਫਰਤ ਕਰਨ ਵਾਲਾ ਉਹ ਹੈ ਜੋ ਹਰ ਭਲਾਈ ਤੋਂ ਵਾਂਝਾ ਰਹਿਣ ਵਾਲਾ ਅਤੇ ਭੁਲਾਇਆ ਜਾਣ ਵਾਲਾ ਹੈ; ਕਿ ਜਿਸਨੂੰ ਜਦੋਂ ਵੀ ਯਾਦ ਕੀਤਾ ਜਾਵੇ, ਬੁਰੀ ਭਾਵਨਾ ਨਾਲ ਹੀ ਯਾਦ ਕੀਤਾ ਜਾਂਦਾ ਹੈ।

ਉੱਤਰ- ਸੂਰਤ ਅਲ-ਕਾਫਿਰੂਨ ਅਤੇ ਇਸਦੀ ਤਫ਼ਸੀਰ:
🎧 ਸ਼ੁਰੂ (ਕਰਦਾ ਹਾਂ) ਅੱਲਾਹ ਦੇ ਨਾਂ ਨਾਲ ਜਿਹੜਾ ਅਤਿਅੰਤ ਮਿਹਰਬਾਨ ਅਤੇ ਰਹਿਮ ਫ਼ਰਮਾਉਣ ਵਾਲਾ ਹੈ।
🎧 "(ਹੇ ਨਬੀ ਸ.) ਆਖ ਦਿਓ ਕਿ ਹੇ (ਅੱਲਾਹ ਦੇ) ਇਨਕਾਰੀਓ!" 🎧 "ਮੈਂ ਉੱਕਾ ਹੀ ਇਹਨਾਂ (ਬੁਤਾਂ) ਦੀ ਬੰਦਗੀ ਨਹੀਂ ਕਰਦਾ, ਜਿਨ੍ਹਾਂ ਦੀ ਬੰਦਗੀ ਤੁਸੀਂ ਕਰਦੇ ਹੋ।" 🎧 "ਅਤੇ ਨਾ ਹੀ ਤੁਸੀਂ ਉਸ (ਇੱਕੋ ਅੱਲਾਹ) ਦੀ ਬੰਦਗੀ ਕਰਨ ਵਾਲੇ ਹੋ, ਜਿਸ ਦੀ ਬੰਦਗੀ ਮੈਂ ਕਰਦਾ ਹਾਂ।" 🎧 "ਅਤੇ ਨਾ ਹੀ ਮੈਂ ਉਹਨਾਂ ਦੀ ਬੰਦਗੀ ਕਰਨ ਵਾਲਾ ਹਾਂ ਜਿਨ੍ਹਾਂ ਦੀ ਬੰਦਗੀ ਤੁਸੀਂ ਕਰਦੇ ਹੋ।" 🎧 "ਅਤੇ ਨਾ ਹੀ ਤੁਸੀਂ ਉਸਦੀ ਬੰਦਗੀ ਕਰਨ ਵਾਲੇ ਹੋ, ਜਿਸ ਦੀ ਬੰਦਗੀ ਮੈਂ ਕਰਦਾ ਹਾਂ।" 🎧 "(ਸੋ) ਤੁਹਾਡੇ ਲਈ ਤੁਹਾਡਾ ਦੀਨ (ਧਰਮ) ਅਤੇ ਮੇਰੇ ਲਈ ਮੇਰਾ ਦੀਨ।" (ਸੂਰਤ ਅਲ ਕਾਫ਼ਿਰੂਨ: 1-6)
ਤਫ਼ਸੀਰ:
1. {ਕੁਲ ਯਾ ਅੱਯੂਹਲ ਕਾਫ਼ਿਰੂਨ} (ਹੇ ਰਸੂਲ ﷺ ) ਕਹਿ ਦੋ: ਹੇ ਅੱਲਾਹ ਨੂੰ ਨਾ ਮੰਨਣ ਵਾਲਿਓ।
2. {ਲਾ ਆਬੁਦੁ ਮਾ ਤਾਅਬੁਦੂਨ} ਮੈਂ ਉਨ੍ਹਾਂ ਮੂਰਤੀਆਂ (ਬੁੱਤਾਂ) ਦੀ ਇਬਾਦਤ ਨਾ ਹੁਣ ਕਰਦਾ ਹਾਂ ਅਤੇ ਨਾ ਭਵਿੱਖ ਵਿੱਚ ਕਰਾਂਗਾ, ਜਿਨ੍ਹਾਂ ਨੂੰ ਤੁਸੀਂ ਪੂਜਦੇ ਹੋ।
3. {ਵਲਾ ਅਨਤੁਮ ਆਬਿਦੂਨਾ ਮਾ ਆਬੁਦ} ਅਤੇ ਨਾ ਹੀ ਤੁਸੀਂ ਉਸ ਇਕਲੋਤੇ ਅੱਲਾਹ ਦੀ ਇਬਾਦਤ (ਪੂਜਾ/ਉਪਾਸਨਾ) ਕਰਦੇ ਹੋ ਜਿਸ ਦੀ ਮੈਂ ਇਬਾਦਤ ਕਰਦਾ ਹਾਂ।
4. {ਵਲਾ ਅਨਾ ਆਬਿਦੁੱਮ ਮਾ ਅਬੱਤੁਮ} ਅਤੇ ਨਾ ਹੀ ਮੈਂ ਉਨ੍ਹਾਂ ਮੂਰਤੀਆਂ ਦੀ ਇਬਾਦਤ (ਪੂਜਾ) ਕਰ ਸਕਦਾ ਹਾਂ ਜਿਨ੍ਹਾਂ ਦੀ ਤੁਸੀਂ ਇਬਾਦਤ ਕਰਦੇ ਹੋ।
5 {ਵਲਾ ਅਨਤੁਮ ਆਬਿਦੂਨਾ ਮਾ ਆਬੁਦ} ਅਤੇ ਨਾ ਹੀ ਤੁਸੀਂ ਉਸ ਦੀ ਇਬਾਦਤ ਕਰ ਸਕਦੇ ਹੋ ਜਿਸ ਦੀ ਮੈਂ ਇਬਾਦਤ ਕਰਦਾ ਹਾਂ, ਜੋ ਕਿ ਇਕੱਲਾ ਅੱਲਾਹ ਹੈ।
6. {ਲਕੁਮ ਦੀਨੁਕੁਮ ਵਲਿਯਾ ਦੀਨ} ਤੁਹਾਡੇ ਲਈ ਤੁਹਾਡਾ ਧਰਮ ਹੈ, ਜੋ ਤੁਸੀਂ ਆਪ ਘੜ੍ਹ ਲਿਆ ਹੈ, ਅਤੇ ਮੇਰੇ ਲਈ ਮੇਰਾ ਧਰਮ ਹੈ ਜੋ ਅੱਲਾਹ ਨੇ ਮੇਰੇ ਉੱਤੇ ਪ੍ਰਗਟ (ਨਾਜ਼ਿਲ) ਕੀਤਾ ਹੈ।

ਉੱਤਰ- ਸੂਰਤ ਅਨ-ਨਸਰ ਅਤੇ ਇਸਦੀ ਤਫ਼ਸੀਰ:
🎧 ਸ਼ੁਰੂ (ਕਰਦਾ ਹਾਂ) ਅੱਲਾਹ ਦੇ ਨਾਂ ਨਾਲ ਜਿਹੜਾ ਅਤਿਅੰਤ ਮਿਹਰਬਾਨ ਅਤੇ ਰਹਿਮ ਫ਼ਰਮਾਉਣ ਵਾਲਾ ਹੈ।
🎧 "(ਹੇ ਨਬੀ ਸ!) ਜਦੋਂ ਅੱਲਾਹ ਦੀ ਮਦਦ ਅਤੇ (ਕਾਫ਼ਿਰਾਂ ਉੱਤੇ) ਜਿੱਤ ਪ੍ਰਾਪਤ ਹੋ ਜਾਵੇਗੀ।" 🎧 "ਫੇਰ ਤੁਸੀਂ ਵੇਖੋਗੇ ਕਿ ਲੋਕਾਂ ਦੇ ਜੱਥਿਆਂ ਦੇ ਜੱਥੇ ਅੱਲਾਹ ਦੇ ਦੀਨ (ਇਸਲਾਮ) ਵਿੱਚ ਪ੍ਰਵੇਸ਼ ਕਰ ਰਹੇ ਹੋਣਗੇ।" 🎧 "ਸੋ ਤੁਸੀਂ ਆਪਣੇ ਰੱਬ ਦੀ ਹਮਦ (ਤਾਰੀਫ਼ ਤੇ ਸ਼ੁਕਰਾਨਿਆਂ) ਦੇ ਨਾਲ-ਨਾਲ ਉਸ ਦੀ ਤਸਬੀਹ (ਪਵਿੱਤਰਤਾ) ਵਰਣਨ ਕਰੋ ਅਤੇ ਉਸ ਤੋਂ ਬਖ਼ਸ਼ਿਸ਼ ਦੀ ਦੁਆ ਮੰਗੋ।ਬੇਸ਼ੱਕ ਉਹ ਵੱਡਾ ਤੌਬਾ ਕਬੁਲਣ ਵਾਲਾ ਹੈ।" (ਸੂਰਤ ਅਨ-ਨਸਰ: 1-3)
ਤਫ਼ਸੀਰ:
1. {ਇਜ਼ਾ ਜਾਆ ਨਸਰੁੱਲਾਹੀ ਵਲ ਫ਼ਤਹ) (ਹੇ ਰਸੂਲ ﷺ ) ਜਦੋਂ ਤੁਹਾਡੇ ਦੀਨ (ਧਰਮ) ਲਈ ਅੱਲਾਹ ਦੀ ਮਦਦ ਆ ਜਾਵੇ, ਅਤੇ ਮੱਕਾ ਦੀ ਜਿੱਤ ਪ੍ਰਾਪਤ ਹੋਵੇ।
2. {ਵਾ ਰਾਐਤੱਨ-ਨਾਸਾ ਯਦਖੁਲੂਨਾ ਫੀ ਦੀਨਿੱਲਾਹੀ ਅਫ਼ਵਾਜਾ} ਅਤੇ ਤੁਸੀਂ ਲੋਕਾਂ ਦੇ ਜੱਥਿਆਂ ਦੇ ਜੱਥੇ ਇਸਲਾਮ ਅਪਣਾਉਂਦੇ ਹੋਏ ਵੋਖ ਲਵੋਂ।
4. {ਫਸੱਬਿਹ ਬਿਹਮਦੀ ਰੱਬੀਕਾ ਵਸਤਗਫਿਰਹੁ, ਇੱਨਾਹੁ ਕਾਨਾ ਤੱਵਾਬਾ} ਤਾਂ ਜਾਣ ਲਵੋ ਕਿ ਇਹ ਉਸ ਉਦੇਸ਼ (ਮਿਸ਼ਨ) ਦੀ ਸਮਾਪਤੀ ਕਰੀਬ ਹੋਣ ਦੀ ਨਿਸ਼ਾਨੀ ਹੈ, ਜਿਸ ਲਈ ਆਪ ﷺ ਨੂੰ ਭੇਜਿਆ ਗਿਆ ਸੀ। ਅਤੇ ਇਹ ਇਸ ਗੱਲ ਦੀ ਵੀ ਨਿਸ਼ਾਨੀ ਹੈ ਕਿ ਆਪ ﷺ ਦੀ ਮੌਤ ਅਤੇ ਆਪ ﷺ ਦਾ ਆਪਣੇ ਰੱਬ ਨੂੰ ਮਿਲਣ ਦਾ ਸਮਾਂ ਨੇੜੇ ਆ ਗਿਆ ਹੈ। ਇਸ ਲਈ ਤੁਸੀਂ ਜਿੱਤ ਅਤੇ ਮਦਦ ਮਿਲਣ ਦੇ ਸ਼ੁਕਰਾਨੇ ਵਿੱਚ ਆਪਣੇ ਰੱਬ ਦੀ ਉਸਤਤ (ਪ੍ਰਸ਼ੰਸਾ) ਦਾ ਸਿਮਰਨ ਉਸਦੀ ਪਵਿੱਤਰਤਾ ਨਾਲ ਕਰੋ। ਅਤੇ ਉਸ ਤੋਂ ਮਾਫ਼ੀ ਮੰਗੋ, ਕਿਉਂਕਿ ਉਹ ਤੌਬਾ ਕਬੂਲ ਕਰਨ ਵਾਲਾ ਹੈ ਅਤੇ ਆਪਣੇ ਬੰਦਿਆਂ ਦੀ ਤੌਬਾ ਕਬੂਲ ਕਰਦਾ ਹੈ ਤੇ ਉਨ੍ਹਾਂ ਨੂੰ ਮਾਫ਼ ਕਰਦਾ ਹੈ।

ਉੱਤਰ- ਸੂਰਾ ਅਲ-ਲਹਬ ਅਤੇ ਇਸਦੀ ਤਫ਼ਸੀਰ:
🎧 ਸ਼ੁਰੂ (ਕਰਦਾ ਹਾਂ) ਅੱਲਾਹ ਦੇ ਨਾਂ ਨਾਲ ਜਿਹੜਾ ਅਤਿਅੰਤ ਮਿਹਰਬਾਨ ਅਤੇ ਰਹਿਮ ਫ਼ਰਮਾਉਣ ਵਾਲਾ ਹੈ।
🎧 "ਟੁਟ ਜਾਣ ਅਬੂ-ਲਹਬ ਦੇ ਹੱਥ, ਉਹ ਤਾਂ ਬਰਬਾਦ ਹੋ ਗਿਆ।" 🎧 "ਨਾ ਹੀ ਉਸ ਦੇ ਧਨ ਨੇ ਅਤੇ ਨਾ ਹੀ ਉਸ ਦੇ (ਅਮਲਾਂ ਦੀ) ਕਮਾਈ ਨੇ ਉਸ ਨੂੰ ਕੋਈ ਲਾਭ ਦਿੱਤਾ।" 🎧 "ਜ਼ਰੂਰ ਹੀ ਉਹ ਲਾਟਾਂ ਮਾਰਦੀ ਹੋਈ ਅੱਗ ਵਿੱਚ ਦਾਖ਼ਲ ਹੋਵੇਗਾ।" 🎧 "ਉਸ ਦੀ ਪਤਨੀ ਵੀ, ਜਿਹੜੀ ਲਾਈ-ਬੁਝਾਈ ਕਰਨ ਵਾਲੀ ਹੈ (ਉਹ ਵੀ ਉਸ ਦੇ ਨਾਲ ਹੀ ਹੋਵੇਗੀ)।" 🎧 "ਉਸ ਦੀ ਗਰਦਨ ਵਿੱਚ ਮੁੰਜ ਦੀ ਰੱਸੀ ਹੋਵੇਗੀ।" (ਸੂਰਤ ਅਲ-ਲਹਬ:1-5)
ਤਫ਼ਸੀਰ:
1. {ਤੱਬਤ ਯਾਦਾ ਅਬੀ ਲਾਹਬੀਂਵ ਵਾ ਤੱਬ} ਨਬੀ ﷺ ਦੇ ਚਾਚਾ ਅਬੁ-ਲਾਹਬ ਬਿਨ ਅਬਦੁਲ ਮੁੱਤਾਲਿਬ ਦੇ ਹੱਥ ਟੁੱਟ ਜਾਣ, ਭਾਵ ਉਸਦੇ ਸਾਰੇ ਕੰਮ ਬਰਬਾਦ ਹੋ ਜਾਣ ਕਿਉਂ ਜੋ ਉਹ ਨਬੀ ﷺ ਨੂੰ ਨੁਕਸਾਨ ਪਹੁੰਚਾਉਂਦਾ ਸੀ, ਅਤੇ ਉਸਦੀ ਸਾਰੀ ਮਿਹਨਤ ਵਿਅਰਥ ਗਈ।
2. {ਮਾ ਅਗਨਾ ਅਨਹੁ ਮਾਲੁਹੁ ਵਮਾ ਕਸਬ} ਕੀ ਉਸਦੀ ਦੌਲਤ ਅਤੇ ਉਸਦੀ ਔਲਾਦ ਉਸਦੇ ਕੋਈ ਕੰਮ ਆਈ? ਨਾ ਹੀ ਉਹ ਉਸ ਕੋਲੋਂ ਤਸੀਹੇ (ਅਜ਼ਾਬ) ਦੂਰ ਕਰ ਸਕੇ ਅਤੇ ਨਾ ਹੀ ਉਹ ਉਸ ਵੱਲ ਦਇਆ (ਰਹਿਮ) ਲਿਆ ਸਕੇ।
3. {ਸਯਸਲਾ ਨਾਰਨ ਜ਼ਾਤਾ ਲਾਹਬ} ਕਿਆਮਤ ਦੇ ਦਿਨ, ਉਹ ਬਲਦੀ ਹੋਈ ਅੱਗ ਵਿੱਚ ਪ੍ਰਵੇਸ਼ ਕਰੇਗਾ ਅਤੇ ਉਸਦਾ ਸੇਕ ਭੋਗੇਗਾ।
4. {ਵਮ-ਰਾਅਤੁਹੁ ਹੱਮਾਲਤਲ ਹਤਬ} ਅਤੇ ਉਸਦੀ ਪਤਨੀ, ਉੱਮੇ ਜਮੀਲ ਵੀ ਇਸ ਵਿੱਚ ਦਾਖਲ ਹੋਵੇਗੀ ਜੋ ਨਬੀ ﷺ ਦੇ ਰਾਹ ਵਿੱਚ ਕੰਡੇ ਸੁੱਟ ਕੇ ਆਪ ਨੂੰ ਨੁਕਸਾਨ ਪਹੁੰਚਾਇਆ ਕਰਦੀ ਸੀ।
5. {ਫੀ ਜੀਦਿਹਾ ਹਬਲੁੱਮ ਮਿਮ-ਮਸਦ} ਉਸਦੀ ਗਰਦਨ ਦੁਆਲੇ ਇੱਕ ਕੱਸ ਕੇ ਬੰਨ੍ਹੀ ਹੋਈ ਰੱਸੀ ਹੋਵੇਗੀ, ਜਿਸਨੂੰ ਖਿੱਚ ਕੇ ਉਸਨੂੰ ਨਰਕ ਵੱਲ ਲਿਜਾਇਆ ਜਾਵੇਗਾ।

ਉੱਤਰ- ਸੂਰਤ ਅਲ-ਇਖਲਾਸ ਅਤੇ ਇਸਦੀ ਤਫ਼ਸੀਰ:
🎧 ਸ਼ੁਰੂ (ਕਰਦਾ ਹਾਂ) ਅੱਲਾਹ ਦੇ ਨਾਂ ਨਾਲ ਜਿਹੜਾ ਅਤਿਅੰਤ ਮਿਹਰਬਾਨ ਅਤੇ ਰਹਿਮ ਫ਼ਰਮਾਉਣ ਵਾਲਾ ਹੈ।
🎧 "(ਹੇ ਨਬੀ ਸ!) ਤੁਸੀਂ ਆਖੋ ਕਿ ਉਹ ਅੱਲਾਹ ਇੱਕ ਹੈ।" 🎧 "ਅੱਲਾਹ ਬੇਨਿਆਜ਼ ਹੈ।" 🎧 "ਉਸ ਨੇ ਕਿਸੇ ਨੂੰ ਵੀ ਨਹੀਂ ਜੰਮਿਆਂ (ਭਾਵ ਉਸ ਦੀ ਕੋਈ ਸੰਤਾਨ ਨਹੀਂ) ਅਤੇ ਨਾ ਹੀ ਉਸ ਨੂੰ ਕਿਸੇ ਨੇ ਜੰਮਿਆਂ ਹੈ (ਭਾਵ ਨਾ ਉਹ ਕਿਸੇ ਦੀ ਸੰਤਾਨ ਹੈ)।" 🎧 "ਅਤੇ ਨਾ ਹੀ ਉਸ ਜਿਹਾ ਹੋਰ ਕੋਈ ਹੈ।" (ਸੂਰਤ ਅਲ ਇਖਲਾਸ: 1-4)
ਤਫ਼ਸੀਰ:
1. {ਕੁਲ ਹੁਵੱਲਾਹੁ ਆਹਦ} (ਹੇ ਰਸੂਲ ﷺ) ਤੁਸੀਂ ਆਖ ਦਿਓ: ਉਹ ਅੱਲਾਹ ਇੱਕਲਾ ਹੈ। ਉਸ ਤੋਂ ਬਿਨਾ ਹੋਰ ਕੋਈ ਇਬਾਦਤ ਦਾ ਹੱਕਦਾਰ ਨਹੀਂ ਹੈ।
2. {ਅੱਲਾਹੁੱਸ-ਸਮਦ} ਭਾਵ: ਸ੍ਰਿਸ਼ਟੀ ਦੀਆਂ ਸਾਰੀਆਂ ਲੋੜਾਂ ਉਸ ਅੱਗੇ ਰੱਖੀਆਂ ਜਾਂਦੀਆਂ ਹਨ।
3. {ਲਮ ਯਾਲਿਦ ਵਾ ਲਮ ਯੂਲਦ} ਉਸਦੀ ਨਾ ਤਾਂ ਕੋਈ ਸੰਤਾਨ ਹੈ, ਅਤੇ ਨਾ ਹੀ ਕੋਈ ਪਿਤਾ ਹੈ।
4. {ਵਾ ਲਮ ਯਾਕੁੱਲ ਲਹੁ ਕੁਫੁਵਨ ਆਹਦ} ਅਤੇ ਉਸਦੀ ਰਚਨਾ ਵਿੱਚੋਂ ਕੋਈ ਵੀ ਉਸਦੇ ਸਮਾਨ ਨਹੀਂ ਹੈ।

ਉੱਤਰ- ਸੂਰਤ ਅਲ-ਫ਼ਲਕ ਅਤੇ ਇਸਦੀ ਤਫ਼ਸੀਰ:
🎧 ਸ਼ੁਰੂ (ਕਰਦਾ ਹਾਂ) ਅੱਲਾਹ ਦੇ ਨਾਂ ਨਾਲ ਜਿਹੜਾ ਅਤਿਅੰਤ ਮਿਹਰਬਾਨ ਅਤੇ ਰਹਿਮ ਫ਼ਰਮਾਉਣ ਵਾਲਾ ਹੈ।
🎧 "(ਹੇ ਨਬੀ ਸ!) ਤੁਸੀਂ ਆਖੋ ਕਿ ਮੈਂ ਸਵੇਰੇ ਦੇ ਰੱਬ ਦੀ ਸ਼ਰਨ ਵਿੱਚ ਆਉਂਦਾ ਹਾਂ।" 🎧 "ਹਰੇਕ ਉਸ ਚੀਜ਼ ਦੀ ਬੁਰਾਈ ਤੋਂ (ਬਚਣ ਲਈ) ਜਿਹੜੀ ਉਸ ਨੇ ਪੈਦਾ ਕੀਤੀ ਹੈ।" 🎧 "ਅਤੇ ਹਨ੍ਹੇਰੀ ਰਾਤ ਦੀ ਬੁਰਾਈ ਤੋਂ ਜਦੋਂ ਉਹ ਛਾ ਜਾਂਦੀ ਹੈ।" 🎧 "ਅਤੇ ਗੰਢਾਂ ਵਿੱਚ ਫੂਕਾਂ ਮਾਰਨ ਵਾਲਿਆਂ ਦੀ ਬੁਰਾਈ ਤੋਂ।" 🎧 "ਅਤੇ ਈਰਖਾ ਰੱਖਣ ਵਾਲਿਆਂ ਦੀ ਬੁਰਾਈ ਤੋਂ ਜਦੋਂ ਉਹ ਈਰਖਾ ਕਰਨ।" (ਸੂਰਤ ਅਲ-ਫ਼ਲਕ: 1-5)
ਤਫ਼ਸੀਰ:
1. {ਕੁਲ ਆਉਜ਼ੁ ਬਿ ਰੱਬੀਲ ਫ਼ਲਕ} (ਹੇ ਰਸੂਲ ﷺ) ਆਖ ਦਿਓ: ਮੈਂ ਸਵੇਰ ਦੇ ਰੱਬ ਦੀ ਪਨਾਹ (ਸ਼ਰਨ) ਵਿੱਚ ਆਉਂਦਾ ਹਾਂ ਅਤੇ ਉਸ ਦਾ ਸਹਾਰਾ (ਆਸਰਾ) ਚਾਹੁੰਦਾ ਹਾਂ।
2. {ਮਿਨ ਸ਼ੱਰੀ ਮਾ ਖ਼ਲਕ} ਨੁਕਸਾਨ ਪਹੁੰਚਾਉਣ ਵਾਲੀ ਮਖਲੂਕਾਂ (ਜੀਵਾਂ) ਦੀ ਬੁਰਾਈ ਤੋਂ।
3. {ਵਾ ਮਿਨ ਸ਼ੱਰੀ ਗਾਸਿਕਿਨ ਇਜ਼ਾ ਵਕਬ} ਅਤੇ ਮੈਂ ਅੱਲਾਹ ਦੀ ਪਨਾਹ ਮੰਗਦਾ ਹਾਂ ਉਨ੍ਹਾਂ ਬੁਰੀਆਂ ਚੀਜ਼ਾਂ ਤੋਂ ਜੋ ਰਾਤ ਵਿੱਚ ਪ੍ਰਕਟ (ਜ਼ਾਹਿਰ) ਹੁੰਦੀਆਂ ਹਨ, ਜਿਵੇਂ ਜਾਨਵਰ, ਕੀੜੇ-ਮਕੌੜੇ, ਚੋਰ ਆਦਿ।
4. {ਵਾ ਮਿਨ ਸ਼ੱਰਿੱਨ-ਨਫ਼ਾਸਾਤੀ ਫਿਲ ਉਕਦ} ਅਤੇ ਮੈਂ ਅੱਲਾਹ ਦੀ ਪਨਾਹ ਮੰਗਦਾ ਹਾਂ, ਉਨ੍ਹਾਂ ਜਾਦੂ-ਟੂਣਾ ਕਰਨ ਵਾਲੀਆਂ ਜਾਦੂਗਰਨੀਆਂ ਦੀ ਬੁਰਾਈ ਤੋਂ ਜੋ ਗੰਢਾਂ ਵਿੱਚ ਫੂਕ ਮਾਰਦੀਆਂ ਹਨ।
5. {ਵਾ ਮਿਨ ਸ਼ੱਰੀ ਹਾਸਿਦਿਨ ਇਜ਼ਾ ਹਸਦ} ਅਤੇ ਮੈਂ ਅੱਲਾਹ ਦੀ ਸ਼ਰਨ ਵਿੱਚ ਆਉਂਦਾ ਹਾਂ ਹਰੇਕ ਈਰਖਾ ਕਰਨ ਵਾਲੇ ਅਤੇ ਨਫਰਤ ਕਰਨ ਵਾਲੇ ਦੀ ਬੁਰਾਈ ਤੋਂ ਕਿ ਜਦੋਂ ਉਹ ਲੋਕਾਂ ਤੋਂ ਅੱਲਾਹ ਦੀ ਬਖਸ਼ੀਆਂ ਹੋਈਆਂ ਮਿਹਰਾਂ ਕਾਰਨ ਈਰਖਾ ਕਰਦਾ ਹੈ, ਉਨ੍ਹਾਂ ਕੋਲੋਂ ਉਸ (ਮਿਹਰ) ਦੇ ਖਤਮ ਹੋ ਜਾਣ ਦੀ ਇੱਛਾ ਕਰਦਾ ਹੈ ਅਤੇ ਉਨ੍ਹਾਂ ਵੱਲ ਦੁੱਖ-ਤਕਲੀਫ ਆਉਣ ਦੀ ਦੁਆ ਕਰਦਾ ਹੈ।

ਉੱਤਰ- ਸੂਰਤ ਅਨ-ਨਾਸ ਅਤੇ ਇਸਦੀ ਤਫ਼ਸੀਰ:
🎧 ਸ਼ੁਰੂ (ਕਰਦਾ ਹਾਂ) ਅੱਲਾਹ ਦੇ ਨਾਂ ਨਾਲ ਜਿਹੜਾ ਅਤਿਅੰਤ ਮਿਹਰਬਾਨ ਅਤੇ ਰਹਿਮ ਫ਼ਰਮਾਉਣ ਵਾਲਾ ਹੈ।
🎧 "(ਹੇ ਨਬੀ ਸ.) ਆਖ ਦਿਓ ਕਿ ਮੈਂ ਮਨੁੱਖਾਂ ਦੇ ਰੱਬ ਦੀ ਸ਼ਰਨ ਵਿੱਚ ਆਉਂਦਾ ਹਾਂ।" 🎧 "ਸਾਰੇ ਮਨੁੱਖਾਂ ਦੇ ਪਾਤਸ਼ਾ ਦੀ (ਸ਼ਰਨ ਵਿੱਚ)।" 🎧 "ਅਤੇ ਸਾਰੇ ਮਨੁੱਖਾਂ ਦੇ ਇਸ਼ਟ (ਅੱਲਾਹ) ਦੀ (ਸ਼ਰਨ ਵਿੱਚ ਆਉਂਦਾ ਹਾਂ)।" 🎧 "ਉਸ ਭਰਮ ਭੁਲੇਖਾ ਪਾਉਣ ਲਈ ਵਾਲੇ ਸ਼ੈਤਾਨ ਦੀ ਬੁਰਾਈ ਤੋਂ (ਬਚਣ ਲਈ) ਜਿਹੜਾ (ਅੱਲਾਹ ਦਾ ਨਾਂ ਸੁਣਦੇ ਹੀ) ਭੱਜ ਜਾਂਦਾ ਹੈ।" 🎧 "ਜਿਹੜਾ ਲੋਕਾਂ ਦੇ ਮਨਾਂ ਵਿੱਚ ਭਰਮ-ਭੁਲੇਖੇ ਪਾਉਂਦਾ ਹੈ।" "ਉਹ ਭਾਵੇਂ ਜਿੰਨਾਂ ਵਿੱਚੋਂ ਹੋਵੇ ਜਾਂ ਮਨੁੱਖਾਂ ਵਿੱਚੋਂ।" (ਸੂਰਤ ਅਨ-ਨਾਸ-1-6)
ਤਫ਼ਸੀਰ:
1. {ਕੁਲ ਆਉਜ਼ੁ ਬਿਰੱਬਿੱਨ-ਨਾਸ} (ਹੇ ਰਸੂਲ ﷺ ) ਆਖ ਦਿਓ: ਮੈਂ ਲੋਕਾਂ ਦੇ ਰੱਬ ਨੂੰ ਮਜ਼ਬੂਤੀ ਨਾਲ ਫੜਦਾ ਹਾਂ, ਅਤੇ ਉਸ ਦੀ ਸ਼ਰਨ ਮੰਗਦਾ ਹਾਂ।
2. {ਮਲਿਕਿੱਨ-ਨਾਸ} ਉਹ ਲੋਕਾਂ ਦਾ ਪਾਤਸ਼ਾਹ ਹੈ, ਉਹ ਜੋ ਚਾਹੁੰਦਾ ਹੈ ਉਨ੍ਹਾਂ ਨਾਲ ਕਰਦਾ ਹੈ। ਉਸ ਤੋਂ ਬਿਨਾ ਉਨ੍ਹਾਂ ਦਾ ਕੋਈ ਮਾਲਕ/ਪਾਤਸ਼ਾਹ ਨਹੀਂ ਹੈ।
3. {ਇਲਾਹਿੱਨ-ਨਾਸ} ਜੋ ਉਨ੍ਹਾਂ ਦਾ ਸੱਚਾ ਇਸ਼ਟ (ਮਾਬੂਦ) ਹੈ। ਉਸ ਤੋਂ ਬਿਨਾ ਉਨ੍ਹਾਂ ਦਾ ਕੋਈ ਸੱਚਾ ਇਸ਼ਟ ਨਹੀਂ।
4. {ਮਿਨ ਸ਼ੱਰਿਲ ਵਸਵਾਸਿਲ ਖੱਨਾਸ} ਸ਼ੈਤਾਨ ਦੀ ਬੁਰਾਈ ਤੋਂ ਜੋ ਲੋਕਾਂ ਨੂੰ ਭਟਕਾਉਂਦਾ ਹੈ।
5. {ਅੱਲਜ਼ੀ ਯੁਵਸਵੀਸੁ ਫੀ ਸੁਦੁਰਿੱਨ-ਨਾਸ} ਜੋ ਲੋਕਾਂ ਦੇ ਦਿਲਾਂ ਵਿੱਚ ਬੁਰੇ ਖਿਆਲ ਪਾਉਂਦਾ ਰਹਿੰਦਾ ਹੈ।
6. {ਮਿਨਲ ਜਿੰਨਤੀ ਵੱਨ-ਨਾਸ} ਭਾਵ: ਮਨ ਨੂੰ ਭਟਕਾਉਣ ਵਾਲਾ ਮਨੁੱਖਾਂ ਵਿੱਚੋਂ ਵੀ ਹੋ ਸਕਦਾ ਹੈ ਅਤੇ ਜਿੰਨਾਂ ਵਿੱਚੋਂ ਵੀ।
*******